ਲੋਕਤੰਤਰ ਦੀ ਮਜ਼ਬੂਤੀ ਲਈ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ — ਦਲ-ਬਦਲੀ ਦੇ ਵਧਦੇ ਰੁਝਾਨ 'ਤੇ ਗੰਭੀਰ ਚਿੰਤਨ ਦੀ ਲੋੜ : ਰਾਜਬੀਰ ਸਿੰਘ ਭਾਰਤੀ
ਲੋਕਤੰਤਰ ਦੀ ਮਜ਼ਬੂਤੀ ਲਈ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ — ਦਲ-ਬਦਲੀ ਦੇ ਵਧਦੇ ਰੁਝਾਨ 'ਤੇ ਗੰਭੀਰ ਚਿੰਤਨ ਦੀ ਲੋੜ : ਰਾਜਬੀਰ ਸਿੰਘ ਭਾਰਤੀ
ਚੰਡੀਗੜ੍ਹ 18 ਜੂਨ ( ਰਣਜੀਤ ਧਾਲੀਵਾਲ ) : ਸਮਾਜ ਸੇਵਕ ਅਤੇ ਰਿਟਾਇਰਡ ਸੁਪਰਡੈਂਟ, ਆਫ਼ਿਸ ਆਫ਼ ਐਡਵੋਕੇਟ ਜਨਰਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਰਾਜਬੀਰ ਸਿੰਘ ਭਾਰਤੀ ਨੇ ਦੇਸ਼ ਦੀਆਂ ਮੌਜੂਦਾ ਸਿਆਸੀ ਪ੍ਰਸਥਿਤੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦਾ ਲੋਕਤੰਤਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ। ਸੰਵਿਧਾਨ ਨਿਰਮਾਤਾਵਾਂ ਨੇ ਇੱਕ ਅਜਿਹੀ ਲੋਕਤੰਤਰੀ ਵਿਵਸਥਾ ਦੀ ਕਲਪਨਾ ਕੀਤੀ ਸੀ ਜਿਸ ਵਿੱਚ ਜਨਤਾ ਆਪਣੇ ਨੁਮਾਇੰਦਿਆਂ ਨੂੰ ਚੁਣਦੀ ਹੈ ਅਤੇ ਨਾਲ ਹੀ ਇੱਕ ਮਜ਼ਬੂਤ ਵਿਰੋਧੀ ਧਿਰ ਜਨਤਾ ਦੀ ਆਵਾਜ਼ ਬਣ ਕੇ ਸੱਤਾ ਤੋਂ ਸਵਾਲ ਕਰਦੀ ਹੈ। ਭਾਰਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੀ ਸਿਆਸਤ ਵਿੱਚ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਅੰਦਰ ਫੁੱਟ, ਲੋਕ ਪ੍ਰਤੀਨਿਧਾਂ (ਨੁਮਾਇੰਦਿਆਂ) ਦਾ ਦਲ ਬਦਲਣਾ ਅਤੇ ਚੋਣਾਂ ਵੇਲੇ ਜਿਨ੍ਹਾਂ ਵਿਚਾਰਾਂ ਦੇ ਆਧਾਰ 'ਤੇ ਜਨਤਾ ਤੋਂ ਸਮਰਥਨ ਲੈਣਾ ਤੇ ਬਾਅਦ ਵਿੱਚ ਉਨ੍ਹਾਂ ਹੀ ਸਿਆਸੀ ਸਮੀਕਰਨਾਂ ਦਾ ਬਦਲ ਜਾਣਾ ਦਿਖਾਈ ਦੇ ਰਿਹਾ ਹੈ, ਉਹ ਲੋਕਤੰਤਰੀ ਕਦਰਾਂ-ਕੀਮਤਾਂ ਲਈ ਇੱਕ ਗੰਭੀਰ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਸ਼ਿਵਸੈਨਾ ਵਰਗੀ ਪੁਰਾਣੀ ਸਿਆਸੀ ਜਥੇਬੰਦੀ ਵਿੱਚ ਫੁੱਟ ਪਈ, ਉਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਵਿੱਚ ਵੰਡ ਦੇਖਣ ਨੂੰ ਮਿਲੀ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਸਿਆਸੀ ਤਬਦੀਲੀਆਂ ਨੇ ਲੋਕਾਂ ਦੇ ਮਨਾਂ ਵਿੱਚ ਸਵਾਲ ਖੜ੍ਹੇ ਕੀਤੇ ਹਨ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਦੇ ਦਲ ਬਦਲਣ ਅਤੇ ਸਿਆਸੀ ਉਥਲ-ਪੁਥਲ ਕਾਰਨ ਉੱਥੋਂ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਹੁਣ ਮਹਾਰਾਸ਼ਟਰ ਦੀ ਸਿਆਸਤ ਵਿੱਚ ਮੁੜ ਉੱਠ ਰਹੇ ਸਿਆਸੀ ਘਟਨਾਕ੍ਰਮ ਅਤੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੇ ਦੇਸ਼ ਦੀ ਜਨਤਾ ਦਾ ਧਿਆਨ ਲੋਕਤੰਤਰੀ ਵਿਵਸਥਾ ਦੀ ਮਜ਼ਬੂਤੀ ਵੱਲ ਖਿੱਚਿਆ ਹੈ।
ਭਾਰਤੀ ਨੇ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਜਾਂ ਵਿਅਕਤੀ ਦਾ ਵਿਸ਼ਾ ਨਹੀਂ ਹੈ, ਸਗੋਂ ਪੂਰੇ ਲੋਕਤੰਤਰ ਦੇ ਢਾਂਚੇ ਨਾਲ ਜੁੜਿਆ ਸਵਾਲ ਹੈ। ਲੋਕਤੰਤਰ ਵਿੱਚ ਸੱਤਾ ਪੱਖ ਅਤੇ ਵਿਰੋਧੀ ਧਿਰ ਦੋਵਾਂ ਦੀ ਆਪਣੀ ਸੰਵਿਧਾਨਕ ਭੂਮਿਕਾ ਹੁੰਦੀ ਹੈ। ਜੇਕਰ ਵਿਰੋਧੀ ਧਿਰ ਕਮਜ਼ੋਰ ਹੁੰਦੀ ਜਾਵੇਗੀ ਤਾਂ ਜਨਤਾ ਦੀਆਂ ਸਮੱਸਿਆਵਾਂ, ਸਵਾਲਾਂ ਅਤੇ ਅਧਿਕਾਰਾਂ ਦੀ ਆਵਾਜ਼ ਨੂੰ ਯੋਗ ਮੰਚ ਮਿਲਣਾ ਮੁਸ਼ਕਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਕੇਵਲ ਬਹੁਮਤ ਨਾਲ ਸਰਕਾਰ ਬਣਾਉਣ ਦਾ ਨਾਂ ਨਹੀਂ ਹੈ, ਸਗੋਂ ਇਸ ਵਿੱਚ ਅਸਹਿਮਤੀ ਦਾ ਸਤਿਕਾਰ, ਵਿਚਾਰਾਂ ਦੀ ਆਜ਼ਾਦੀ ਅਤੇ ਜਨਤਾ ਪ੍ਰਤੀ ਜਵਾਬਦੇਹੀ ਵੀ ਉੰਨੀ ਹੀ ਮਹੱਤਵਪੂਰਨ ਹੈ। ਭਾਰਤੀ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਅਤੇ ਦੇਸ਼ ਦੇ ਹੋਰ ਮਹਾਨ ਆਗੂਆਂ ਨੇ ਅਜਿਹੀ ਵਿਵਸਥਾ ਦਾ ਸੁਪਨਾ ਦੇਖਿਆ ਸੀ ਜਿਸ ਵਿੱਚ ਜਨਤਾ ਸਰਵਉੱਚ ਹੋਵੇ ਅਤੇ ਚੁਣੇ ਹੋਏ ਨੁਮਾਇੰਦੇ ਜਨਤਾ ਦੇ ਵਿਸ਼ਵਾਸ ਪ੍ਰਤੀ ਇਮਾਨਦਾਰ ਰਹਿਣ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਿਆਸੀ ਵਿਵਸਥਾ ਵਿੱਚ ਇਹ ਭਾਵਨਾ ਮਜ਼ਬੂਤ ਹੁੰਦੀ ਗਈ ਕਿ ਸੱਤਾ ਦੇ ਨਾਲ ਰਹਿਣਾ ਹੀ ਸੁਰੱਖਿਅਤ ਰਸਤਾ ਹੈ ਅਤੇ ਵਿਰੋਧੀ ਧਿਰ ਦੀ ਭੂਮਿਕਾ ਕਮਜ਼ੋਰ ਹੁੰਦੀ ਜਾਵੇ, ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਲੋਕਤੰਤਰੀ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਜ਼ਬੂਤ ਸਰਕਾਰ ਦੇ ਨਾਲ-ਨਾਲ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੈ, ਕਿਉਂਕਿ ਇਹੀ ਸੰਤੁਲਨ ਲੋਕਤੰਤਰ ਨੂੰ ਨਿਰੰਕੁਸ਼ (ਤਾਾਨਾਸ਼ਾਹ) ਹੋਣ ਤੋਂ ਬਚਾਉਂਦਾ ਹੈ। ਰਾਜਬੀਰ ਸਿੰਘ ਭਾਰਤੀ ਨੇ ਸਾਰੀਆਂ ਸਿਆਸੀ ਪਾਰਟੀਆਂ, ਲੋਕ ਪ੍ਰਤੀਨਿਧਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਦੀ ਭਾਵਨਾ, ਲੋਕਤੰਤਰੀ ਪਰੰਪਰਾਵਾਂ ਅਤੇ ਜਨਤਾ ਦੇ ਵਿਸ਼ਵਾਸ ਨੂੰ ਸਭ ਤੋਂ ਉੱਪਰ ਰੱਖਣ, ਕਿਉਂਕਿ ਲੋਕਤੰਤਰ ਦੀ ਅਸਲ ਤਾਕਤ ਜਨਤਾ ਦੀ ਜਾਗਰੂਕਤਾ ਅਤੇ ਸੰਸਥਾਵਾਂ ਦੀ ਮਜ਼ਬੂਤੀ ਵਿੱਚ ਹੈ।

Comments
Post a Comment