ਨੌਕਰੀ ਪੱਕੀ ਕਰਨ ਦੀ ਮੰਗ ਕਰਦੇ 2100 ਨਰੇਗਾ ਮੁਲਾਜ਼ਮਾਂ ਨੂੰ ਸਰਕਾਰ ਨੇ ਤੋਰਿਆ ਘਰੇ
ਆਊਟਸੋਰਸਿੰਗ ਤੇ ਨਵੀਂ ਭਰਤੀ ਕਰਨ ਦਾ ਫੁਰਮਾਨ ਕੀਤਾ ਜਾਰੀ
ਯੂਨੀਅਨ ਵੱਲੋਂ 20 ਜੁਲਾਈ ਨੂੰ ਖੰਨਾ ਵਿਖੇ ਪੰਚਾਇਤ ਮੰਤਰੀ ਦੀ ਰਿਹਾਇਸ਼ ਦਾ ਰੱਖਿਆ ਮੁੜ ਘਿਰਾਓ
ਚੰਡੀਗੜ੍ਹ 17 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਵੱਲੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ 15 ਜੁਲਾਈ ਨੂੰ ਖੰਨਾ ਵਿਖੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਅੰਨ੍ਹਾ ਤਸ਼ੱਦਦ ਕਰਕੇ ਦਿੱਤੇ ਜਖ਼ਮਾਂ ਤੋਂ ਖੂਨ ਸਿੰਮਣਾਂ ਬੰਦ ਨਹੀਂ ਹੋਇਆ ਸੀ ਕਿ ਅੱਜ ਪੰਚਾਇਤ ਵਿਭਾਗ ਨੇ 2100 ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ 68000 ਨੌਕਰੀਆਂ ਦੇਣ ਦਾ ਦਾਅਵਾ ਝੂਠਾ ਸਾਬਤ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 15 ਜੁਲਾਈ ਦੇ ਲਾਠੀਚਾਰਜ ਤੋਂ ਬਾਅਦ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਰੇਗਾ ਕਰਮਚਾਰੀ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕਰਕੇ ਅਫ਼ਸਰਸ਼ਾਹੀ ਨਾਲ ਕਾਨਫਰੰਸ ਰਾਹੀਂ ਗੱਲਬਾਤ ਕਰਵਾਈ ਸੀ। ਜਿਸ ਵਿੱਚ ਨਰੇਗਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਮਜ਼ਬੂਤ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਣ, ਕੇਸ ਨੂੰ ਪ੍ਰਵਾਨਗੀ ਮਿਲਣ ਤੱਕ ਪੇ ਸਕੇਲ ਲਾਗੂ ਕਰਨ ਦਾ ਅਤੇ ਨੋ ਵਰਕ ਨੋ ਪੇ ਦੇ ਪੱਤਰ ਵਾਪਸ ਲੈਣ ਦੀ ਸਹਿਮਤੀ ਬਣੀ ਸੀ ਜਿਸਦਾ ਲਿਖ਼ਤੀ ਪੱਤਰ ਦੇਣ ਲਈ 16 ਜੁਲਾਈ ਨੂੰ ਦਿੱਤਾ ਜਾਣਾ। ਬੀਤੀ ਕੱਲ੍ਹ ਯੂਨੀਅਨ ਉਡੀਕ ਕਰਦੀ ਰਹੀ। ਅੱਜ ਫਿਰ ਸਵੇਰੇ 10 ਵਜੇ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਲਈ ਬੁਲਾਇਆ ਗਿਆ। ਮੀਟਿੰਗ ਦੌਰਾਨ ਵਿਭਾਗ ਦੇ ਉੱਚ ਅਧਿਕਾਰੀ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ, ਸੰਯੁਕਤ ਵਿਕਾਸ ਕਮਿਸ਼ਨਰ ਮੈਡਮ ਸੇਨਾ ਅਗਰਵਾਲ, ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਡਿਪਟੀ ਡਾਇਰੈਕਟਰ ਅਮਿਤ ਤਲਵਾੜ ਪੇ ਸਕੇਲ ਦੇਣ ਤੋਂ ਮੁੱਕਰ ਗਏ।
ਯੂਨੀਅਨ ਦੇ ਆਗੂਆਂ ਨੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਵੀ ਸੰਪਰਕ ਕੀਤਾ ਪਰ ਉਦੋਂ ਤੱਕ ਵਿਭਾਗ ਵੱਲੋਂ ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਨਵੀਂ ਭਰਤੀ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਗਏ। 65000 ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਪਨੀਆਂ ਵਿੱਚੋਂ ਕੱਢ ਕੇ ਕੰਟਰੈਕਟ ਤੇ ਲੈਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੀ ਅਫ਼ਸਰਸ਼ਾਹੀ ਵੱਲੋਂ ਆਊਟਸੋਰਸਿੰਗ ਤੇ ਨਵੀਂ ਭਰਤੀ ਕਰਨ ਸੰਬੰਧੀ ਪੈਸਕੋ ਕੰਪਨੀ ਰਾਹੀਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 2100 ਪਰਿਵਾਰਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ। ਯੂਨੀਅਨ ਆਗੂਆਂ ਵੱਲੋਂ ਵੀਡੀਓ ਜਾਰੀ ਕਰਕੇ ਸੋਮਵਾਰ 20 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਦਾ ਫਿਰ ਤੋਂ ਘਿਰਾਓ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜਿਕ/ਜਨਤਕ ਜਥੇਬੰਦੀਆਂ ਅਤੇ ਆਮ ਲੋਕਾਂ ਕੋਲੋਂ 20 ਜੁਲਾਈ ਦੇ ਮੁੜ ਘਿਰਾਓ ਕਰਨ ਦੇ ਪ੍ਰੋਗਰਾਮ ਵਿੱਚ ਸਹਿਯੋਗ ਦੀ ਮੰਗ ਕੀਤੀ।
ਆਗੂਆਂ ਨੇ ਨਰੇਗਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੇ ਸਾਡੇ ਵੱਲੋਂ ਨਿਗੂਣੀਆਂ ਤਨਖ਼ਾਹਾਂ ਤੇ 18 ਸਾਲਾਂ ਦੀ ਕੀਤੀ ਮਿਹਨਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਅਤੇ ਨਵੀਂ ਭਰਤੀ ਵਿੱਚ ਨਵੇਂ ਸਿਰੇ ਤੋਂ ਜੁਆਇੰਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਸਰਕਾਰ ਦੀ ਕੋਈ ਪਾਲਿਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਪ੍ਰਤੀ ਬਣਦੀ ਵੀ ਹੈ ਤਾਂ ਉਸ ਵਿੱਚ ਨਾ ਤਾਂ ਤੁਹਾਡੀ ਪਿਛਲੀ ਸੇਵਾ ਦਾ ਲਾਭ ਮਿਲੇਗਾ ਅਤੇ ਨਾ ਹੀ ਤੁਸੀਂ ਪੱਕੇ ਹੋਵੋਂਗੇ। ਇਸ ਲਈ ਇਹਨਾਂ ਪੱਤਰਾਂ ਤੋਂ ਡਰਨ ਦੀ ਲੋੜ ਨਹੀਂ ਸਗੋਂ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਵਿੱਚ ਕੁੱਦਣ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਸੇਵਕ ਸਿੰਘ, ਸਰਪ੍ਰਸਤ ਵਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ,ਪ੍ਰੈੱਸ ਸਕੱਤਰ ਅਮਰੀਕ ਸਿੰਘ, ਗੁਰਦੀਪ ਦਾਸ, ਹਲਵਿੰਦਰ ਸਿੰਘ ਹੈਪੀ, ਅਮਨਦੀਪ ਸਿੰਘ ਟੀਏ, ਅਵਤਾਰ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ, ਅਮਰਜੀਤ ਸਿੰਘ ਏਪੀਓ, ਰਮਨ ਕੁਮਾਰ ਏਪੀਓ, ਜਗਦੇਵ ਸਿੰਘ, ਕਿਸ਼ੋਰ ਕੁਮਾਰ, ਹਰਜਿੰਦਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।

Comments
Post a Comment