ਮਾਝੇ ਦੀ ਧਰਤੀ ਤੇ ਹਲਕਾ ਪੱਟੀ ਚ ਹੋਇਆ ਇਤਿਹਾਸਿਕ “ਮਝੈਲਾਂ ਦਾ ਇਕੱਠ”
ਬਾਪੂ ਤਰਸੇਮ ਸਿੰਘ ਵੱਲੋ ਨੌਜਵਾਨਾਂ ਨੂੰ "ਪੰਥ ਤੇ ਪੰਜਾਬ ਲਈ ਇੱਕਮੁੱਠ ਹੋਣ ਦਾ ਸੱਦਾ"
ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਲਈ ਭਾਈ ਖਾਲੜਾ ਨੂੰ ਮਿਲੇ ਪੰਥ ਰਤਨ ਅਤੇ ਰਾਸ਼ਟਰਪਤੀ ਐਵਾਰਡ : ਇਯਾਲੀ
ਨੌਜਵਾਨ ਆਗੂ ਹਰਪ੍ਰੀਤ ਸਿੰਘ ਪੱਟੀ ਦੀ ਅਗਵਾਈ ਹੇਠ ਹੋਇਆ ਬੇਮਿਸਾਲ ਇਕੱਠ
ਪੱਟੀ 11 ਜੁਲਾਈ ( ਪੀ ਡੀ ਐਲ ) : ਮਾਝੇ ਦੀ ਧਰਤੀ ਪੱਟੀ ਵਿਖੇ ਅਕਾਲੀ ਦਲ *ਵਾਰਿਸ ਪੰਜਾਬ ਦੇ* ਵੱਲੋ ਕੀਤੇ ਗਏ ਬੇਮਿਸਾਲ ਇਕੱਠ ਨੇ ਮਾਝੇ ਦੀ ਸਿਆਸੀ ਤਸਵੀਰ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ। ਹਜ਼ਾਰਾਂ ਲੋਕਾਂ ਦੇ ਠਾਠਾ ਮਰਦਦੇ ਇਕੱਠ ਨੇ ਮਾਝੇ ਦੀ ਸਿਆਸੀ ਸਮੀਕਰਨਾਂ ਨੂੰ ਇਕਪਾਸੜ ਕਰਦਿਆਂ, ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਲੋਕ ਸਭਾ ਚੋਣਾਂ ਵੇਲੇ ਮਜ਼ਬੂਤ ਹੋਈ ਪੰਥਕ ਸੋਚ ਹੁਣ ਨੌਜਵਾਨੀ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਰਹੀ ਹੈ। ਨੌਜਵਾਨ ਆਗੂ ਹਰਪ੍ਰੀਤ ਸਿੰਘ ਪੱਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਜ਼ਿਲਾ ਤਰਨਤਾਰਨ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ, ਸਰਪੰਚ,ਪੰਚ ਅਤੇ ਬੀਬੀਆਂ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ, ਓਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆ ਕੇ ਪੰਥ ਅਤੇ ਪੰਜਾਬ ਦੇ ਲਈ ਕਾਰਜਸ਼ੀਲ ਹੋਣ। ਇਸ ਦੇ ਨਾਲ ਹੀ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਮਾਝੇ ਦੀ ਧਰਤੀ ਤੇ ਹੋਏ ਮੁਝੇਲਾਂ ਦੇ ਇਕੱਠ ਨੇ ਇਹ ਮੋਹਰ ਲਗਾ ਦਿੱਤੀ ਹੈ ਕਿ, ਲੋਕ ਸਭਾ ਚੋਣਾਂ ਵੇਲੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਉੱਠੀ ਲਹਿਰ ਹੁਣ, ਤੂਫ਼ਾਨ ਦੇ ਰੂਪ ਵਿੱਚ ਨਜ਼ਰ ਆਉਣ ਲੱਗੀ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਕੋਈ ਵੀ ਕੇਂਦਰੀ ਜਮਾਤ ਪੰਜਾਬ ਦੇ ਮਸਲੇ ਹੱਲ ਕਰਨ ਵਿੱਚ ਇਮਾਨਦਾਰੀ ਨਹੀਂ ਦਿਖਾ ਸਕਦੀ ਹੈ। ਓਹਨਾ ਕਿਹਾ ਕਿ, ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ਨੂੰ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਪਿਆ ਹੈ। ਅੱਜ ਵੀ ਪੰਜਾਬ ਦੇ ਵੱਡੇ ਮਸਲੇ ਚਾਹੇ ਓਹ ਪਾਣੀਆਂ ਨਾਲ ਜੁੜੇ ਹੋਣ, ਰਾਜਧਾਨੀ ਦਾ ਹੋਵੇ, ਚੰਡੀਗੜ ਯੂਨੀਵਰਸਿਟੀ ਨਾਲ ਸਬੰਧਤ ਹੋਵੇ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਹੋਵੇ, ਸਾਡੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਜੁੜਿਆ ਹੋਇਆ ਹੋਵੇ, ਜਾਂ ਫਿਰ 84 ਵਿੱਚ ਹੋਈ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਇਨਸਾਫ਼ ਦਾ ਹੋਵੇ, ਕਿਸੇ ਵੀ ਕੇਂਦਰੀ ਵਜਾਰਤ ਨੇ ਇਨਸਾਫ਼ ਨਹੀਂ ਦਿੱਤਾ। ਬਾਪੂ ਤਰਸੇਮ ਸਿੰਘ ਨੇ ਵੱਡੇ ਇਕੱਠ ਦੀ ਲਾਮਬੰਦੀ ਨੂੰ ਵੇਖਦੇ ਹੋਏ ਕਿਹਾ ਕਿ, ਤਸੱਲੀ ਵਾਲੀ ਗੱਲ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਆਪਣੇ ਹੱਕਾਂ ਲਈ ਜਾਗ ਉੱਠਿਆ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਨੌਜਵਾਨ ਨਿਰਣਾਇਕ ਭੂਮਿਕਾ ਲਈ ਤਿਆਰ ਹਨ।ਲਾਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਜਿੱਥੇ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਵਧਾਈ ਦਿੱਤੀ ਉਥੇ ਹੀ ਭਰੋਸਾ ਦਿੱਤਾ ਕਿ, ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਓਹਨਾਂ ਦੇ ਹੱਕਾਂ ਲਈ ਖੁਦ ਤਰਜਮਾਨੀ ਕਰਨ ਦਾ ਮੌਕਾ ਮਿਲੇ, ਉਸ ਲਈ ਯਤਨਸ਼ੀਲ ਰਹਿਣਗੇ। ਭਾਈ ਜਸਵੰਤ ਸਿੰਘ ਖਾਲੜਾ ਉੱਪਰ ਬਣੀ ਫਿਲਮ ਬੈਨ ਕਰ ਤੇ ਓਹਨਾ ਨੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ, ਕੇਂਦਰ ਦੀ ਮਨਸ਼ਾ ਵੀ ਸਾਫ਼ ਹੈ ਕਿ, ਆਪਣੇ ਹੱਕ ਲਈ ਲੜਨ ਵਾਲੇ ਯੋਧਿਆਂ ਦੀ ਕਹਾਣੀ ਨੂੰ ਘਰ ਘਰ ਪਹੁੰਚਣ ਤੋਂ ਰੋਕਿਆ ਜਾਵੇ, ਪਰ ਕੇਂਦਰ ਸਰਕਾਰ ਭੁੱਲ ਚੁੱਕੀ ਹੈ ਕਿ, ਅੱਜ ਪਿੰਡ ਦੀ ਹਰ ਸੱਥ ਭਾਈ ਖਾਲੜਾ ਦੀ ਫਿਲਮ ਲਈ ਸਿਨੇਮਾ ਘਰ ਬਣ ਚੁੱਕਾ ਹੈ।
ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਕਿ,ਮਨੁੱਖੀ ਅਧਿਕਾਰਾਂ ਲਈ ਆਪਣੇ ਆਪਣੇ ਜੀਵਨ ਦੀ ਸ਼ਹਾਦਤ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ *ਪੰਥ ਰਤਨ* ਨਾਲ ਨਿਵਾਜਿਆ ਜਾਵੇ ਅਤੇ ਰਾਸ਼ਟਰੀ ਪੱਧਰ ਉਪਰ ਦੇਸ਼ ਦੇ ਰਾਸ਼ਟਰਪਤੀ ਓਹਨਾ ਨੂੰ ਇਸ ਮਹਾਨ ਸ਼ਹਾਦਤ ਲਈ ਕੌਮੀ ਪੱਧਰ ਦੇ ਐਵਾਰਡ ਨਾਲ ਸਨਮਾਨ ਦੇਣ। ਅੱਜ ਦੇ ਬੇਮਿਸਾਲ ਇਕੱਠ ਵਿੱਚ ਪਾਰਟੀ ਦੇ ਸੀਨੀਅਰ ਆਗੂ ਭਾਈ ਤਰਲੋਚਨ ਸਿੰਘ ਤੁੜ, ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਭਾਈ ਅਮਰਜੀਤ ਸਿੰਘ ਵੰਨਚਿੜੀ, ਪਰਮਜੀਤ ਸਿੰਘ ਜੌਹਲ, ਚਮਕੌਰ ਸਿੰਘ, ਲੱਖਾ ਸਿੰਘ ਸਿਧਾਣਾ ਅਤੇ ਭਾਨਾ ਸਿੱਧੂ ਹਾਜ਼ਰ ਰਹੇ।

Comments
Post a Comment