ਰੂਸ ਨਾਲ ਵਪਾਰਕ ਸਬੰਧ ਮਜ਼ਬੂਤ ਕਰਨ ਲਈ ਪੰਜਾਬ ਦੇ ਉਦਯੋਗਪਤੀਆਂ ਨਾਲ ਕਾਰੋਬਾਰੀ ਮੀਟਿੰਗ
ਚੰਡੀਗੜ੍ਹ 26 ਅਗਸਤ ( ਰਣਜੀਤ ਧਾਲੀਵਾਲ ) : ਬ੍ਰਿਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (BRICS CCI) ਦੇ ਪੰਜਾਬ ਚੈਪਟਰ ਵੱਲੋਂ ਰੂਸੀ ਵਫ਼ਦ ਨਾਲ ਕਾਰੋਬਾਰੀ ਮੀਟਿੰਗ ਕਰਵਾਈ ਗਈ। ਇਸ ਦਾ ਮਕਸਦ ਪੰਜਾਬ ਅਤੇ ਰੂਸ ਵਿਚਾਲੇ ਵਪਾਰ, ਨਿਵੇਸ਼ ਅਤੇ ਕਾਰੋਬਾਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਮੀਟਿੰਗ ਦੌਰਾਨ ਪੰਜਾਬ ਦੇ ਕਾਰੋਬਾਰੀ ਖੇਤਰ ਅਤੇ ਰੂਸ ਦੇ ਵਪਾਰ ਤੇ ਉਦਯੋਗ ਖੇਤਰ ਨਾਲ ਜੁੜੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਦੁਵੱਲੇ ਵਪਾਰ ਨੂੰ ਵਧਾਉਣ, ਨਵੇਂ ਨਿਵੇਸ਼ ਮੌਕਿਆਂ ਦੀ ਪਛਾਣ ਕਰਨ ਅਤੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਵਿਚਾਲੇ ਮਜ਼ਬੂਤ ਸੰਪਰਕ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਰੂਸ ਸਰਕਾਰ ਦੀ ਨੁਮਾਇੰਦਾ ਅਤੇ ਬੈਲਗੋਰੋਡ ਖੇਤਰ ਦੇ ਐਕਸਪੋਰਟ ਸਪੋਰਟ ਸੈਂਟਰ ਦੀ ਡਿਪਟੀ ਡਾਇਰੈਕਟਰ ਸਵੇਤਲਾਨਾ ਸਾਵਕੋਵਾ ਨੇ ਕਿਹਾ ਕਿ ਰੂਸ ਭਾਰਤੀ ਕੰਪਨੀਆਂ ਨਾਲ ਮਜ਼ਬੂਤ ਕਾਰੋਬਾਰੀ ਸਬੰਧ ਵਿਕਸਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਉਤਸੁਕ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰੋਬਾਰੀ ਮੀਟਿੰਗਾਂ ਭਾਰਤੀ ਅਤੇ ਰੂਸੀ ਉਦਯੋਗਪਤੀਆਂ ਨੂੰ ਇਕ-ਦੂਜੇ ਦੇ ਬਾਜ਼ਾਰਾਂ ਨੂੰ ਸਮਝਣ, ਸਾਂਝੇ ਹਿੱਤਾਂ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਲੰਬੇ ਸਮੇਂ ਦੀਆਂ ਸਾਂਝੇਦਾਰੀਆਂ ਵਿਕਸਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਪੰਜਾਬ ਦੇ ਕਾਰੋਬਾਰੀਆਂ ਨਾਲ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ। ਬ੍ਰਿਕਸ ਸੀਸੀਆਈ ਦੇ ਚੰਡੀਗੜ੍ਹ ਮੁਖੀ ਦੀਪਕ ਸ਼ੁਕਲਾ ਨੇ ਕਿਹਾ ਕਿ ਸੰਸਥਾ ਖੇਤਰ ਦੇ ਕਾਰੋਬਾਰੀਆਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਾਰਥਕ ਕਾਰੋਬਾਰੀ ਸੰਪਰਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਮਜ਼ਬੂਤ ਉਦਯੋਗਿਕ ਅਤੇ ਕਾਰੋਬਾਰੀ ਅਧਾਰ ਹੈ ਅਤੇ ਵਿਸ਼ਵ ਪੱਧਰ ’ਤੇ ਆਪਣੀ ਕਾਰੋਬਾਰੀ ਪਹੁੰਚ ਵਧਾਉਣ ਦੀ ਵੱਡੀ ਸਮਰੱਥਾ ਹੈ। ਰੂਸੀ ਵਫ਼ਦ ਨਾਲ ਹੋਈ ਇਹ ਗੱਲਬਾਤ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਵੱਲ ਇੱਕ ਮਹੱਤਵਪੂਰਨ ਕਦਮ ਹੈ।


Comments
Post a Comment