ਸਰਕਾਰ ਵੱਲੋਂ 25% ਝੋਨੇ ਦੀ ਖਰੀਦ ਦਾ ਕੋਟਾ ਘਟਾਉਣਾ ਕਿਸਾਨਾਂ ਨਾਲ ਧੋਖਾ : ਗੁਰਮੀਤ ਸਿੰਘ ਮਹਿਮਾ
ਚੰਡੀਗੜ੍ਹ 23 ਸਤੰਬਰ ( ਰਣਜੀਤ ਧਾਲੀਵਾਲ ) : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ (ਮਾਰਕਫੈੱਡ, ਪਨਸਪ, ਪਨਗਰੇਨ, ਪੰਜਾਬ ਵੇਅਰਹਾਊਸ) ਨੇ ਫਾਜ਼ਿਲਕਾ ਜ਼ਿਲ੍ਹੇ ਦੇ ਆੜ੍ਹਤੀਆ ਐਸੋਸੀਏਸ਼ਨ ਨੂੰ ਮੌਖਿਕ ਤੌਰ 'ਤੇ ਸੂਚਿਤ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਦਾ ਕੋਟਾ 25% ਘਟਾ ਦਿੱਤਾ ਗਿਆ ਹੈ। ਪਹਿਲਾਂ ਜਿੱਥੇ 100% ਝੋਨਾ ਸਰਕਾਰੀ ਏਜੰਸੀਆਂ MSP 'ਤੇ ਖਰੀਦਦੀਆਂ ਸਨ, ਹੁਣ ਸਿਰਫ 75% ਹੀ ਖਰੀਦ ਕੀਤੀ ਜਾਵੇਗੀ। ਬਾਕੀ 25% ਝੋਨਾ ਕਿਸਾਨਾਂ ਨੂੰ ਮਜਬੂਰਨ ਪ੍ਰਾਈਵੇਟ ਵਪਾਰੀਆਂ ਨੂੰ MSP (2389 ਰੁਪਏ) ਤੋਂ 400-500 ਰੁਪਏ ਘੱਟ 'ਤੇ ਵੇਚਣਾ ਪਵੇਗਾ। ਇਸ ਨਾਲ ਫਾਜ਼ਿਲਕਾ ਦੇ ਕਿਸਾਨ ਨੂੰ ਪ੍ਰਤੀ ਟਰਾਲੀ 10,000 ਰੁਪਏ ਤੱਕ ਦਾ ਘਾਟਾ ਪਵੇਗਾ। ਅਸੀਂ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦੇ ਹਾਂ।
ਸਰਕਾਰ ਕਹਿ ਰਹੀ ਹੈ ਕਿ ਗੋਦਾਮਾਂ 'ਚ ਜਗ੍ਹਾ ਨਹੀਂ ਹੈ, ਪਰ ਜਗ੍ਹਾ ਨਾ ਹੋਣ ਦਾ ਖਮਿਆਜ਼ਾ ਕਿਸਾਨ ਕਿਉਂ ਭੁਗਤੇ? ਪਿਛਲੇ ਸਾਲ ਦਾ 105 ਲੱਖ ਟਨ ਚੌਲ ਹਾਲੇ ਵੀ ਗੋਦਾਮਾਂ 'ਚ ਸੜ ਰਿਹਾ ਹੈ, ਇਹ ਸਰਕਾਰ ਦੀ ਨਲਾਇਕੀ ਹੈ। ਝੋਨੇ ਦੀ ਸਟੋਰ ਲਈ ਸਰਕਾਰ ਗਦਾਮਾਂ ਦਾ ਪ੍ਰਬੰਧ ਕਰੇ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਵਿੱਚ ਮੁਕਤ ਪਾਰ ਸਮਝੌਤੇ ਤੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਤੇ ਅਮਰੀਕਾ ਵਰਗੇ ਦੇਸ਼ ਉਸ ਤੋਂ ਪਹਿਲਾਂ ਡਬਲਟੀਓ ਦੀਆਂ ਨੀਤੀਆਂ ਲਾਗੂ ਕਰਨ ਲਈ ਭਾਰਤ ਸਰਕਾਰ ਉੱਤੇ ਦਬਾਅ ਪਾ ਰਹੇ ਹਨ ਤੇ ਖੇਤੀਬਾੜੀ ਵਿੱਚ ਭਾਰਤ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਜੋ 23 ਫਸਲਾਂ ਤੇ ਐਮਐਸਪੀ ਤੈਅ ਕੀਤੀ ਜਾਂਦੀ ਉਹ ਬੰਦ ਕੀਤੀ ਜਾਵੇ ਸਰਕਾਰੀ ਮੰਡੀਆਂ ਬੰਦ ਕੀਤੀਆਂ ਜਾਂ ਸਰਕਾਰੀ ਖਰੀਦ ਬੰਦ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਬੰਦ ਕੀਤੀ ਜਾਵੇ ਤੇ ਖੁੱਲੀ ਮੰਡੀ ਨੂੰ ਲਾਗੂ ਕੀਤਾ ਜਾਵੇ ਇਹ ਫੈਸਲਾ ਕਰਕੇ ਸਰਕਾਰ ਨੇ ਖੁੱਲੀ ਮੰਡੀ ਲਾਗੂ ਕਰਨ ਲਈ ਇਹ ਕਦਮ ਪੁੱਟ ਦਿੱਤਾ ਹੈ ਜਿਸ ਨਾਲ ਪੰਜਾਬ ਦੀ ਕਿਸਾਨੀ ਦਾ ਵੱਡਾ ਨੁਕਸਾਨ ਹੋਵੇਗਾ ਤੇ ਕਰਜੇ ਵਾਰੀ ਕਿਸਾਨੀ ਇਹ ਹਮਲਾ ਦੀ ਮਾਰ ਨਹੀਂ ਝੱਲ ਪਵੇਗੀ ।
25% ਕੋਟੇ ਦੀ ਕਟੌਤੀ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ।
ਫਾਜ਼ਿਲਕਾ ਜ਼ਿਲ੍ਹੇ ਸਮੇਤ ਸਾਰੇ ਪੰਜਾਬ'ਚ 100% ਝੋਨੇ ਦੀ ਖਰੀਦ MSP 'ਤੇ ਯਕੀਨੀ ਬਣਾਈ ਜਾਵੇ। ਖਰੀਦ ਏਜੰਸੀਆਂ ਲਿਖਤੀ ਰੂਪ 'ਚ ਸਪੱਸ਼ਟ ਕਰਨ ਕਿ ਕੋਟਾ ਕਿਉਂ ਘਟਾਇਆ ਗਿਆ। ਸਰਕਾਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਾਜ਼ਿਲਕਾ ਦੀਆਂ ਸਾਰੀਆਂ ਮੰਡੀਆਂ ਬੰਦ ਕਰਕੇ ਡੀ.ਸੀ. ਦਫ਼ਤਰ ਦਾ ਘਿਰਾਓ ਕਰੇਗੀ।

Comments
Post a Comment