ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੂਰੇ ਮੋਹਾਲੀ ਵਿੱਚ ਚੱਲ ਰਹੀ ਹੈ ਦਰੱਖਤਾਂ ਦੀ ਕਟਾਈ : ਬਲਵਿੰਦਰ ਸਿੰਘ ਕੁੰਭੜਾ
ਪੁੱਡਾ-ਗਮਾਡਾ ਦਫ਼ਤਰ ਦੇ ਸਾਹਮਣੇ ਹਰੇ-ਭਰੇ ਦਰੱਖਤਾਂ ਦੀ ਕਟਾਈ ਜਾਰੀ, ਵਾਤਾਵਰਣ ਪ੍ਰੇਮੀ ਵੀ ਕੁੰਭਕਰਨੀ ਨੀਂਦ ਸੁੱਤੇ : ਬਲਵਿੰਦਰ ਸਿੰਘ ਕੁੰਭੜਾ
ਐਸ.ਏ.ਐਸ.ਨਗਰ 22 ਸਤੰਬਰ ( ਰਣਜੀਤ ਧਾਲੀਵਾਲ ) : ਐੱਸ.ਸੀ./ਬੀ.ਸੀ. ਮਹਾਂਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਪ੍ਰੈੱਸ ਦੇ ਸਾਹਮਣੇ ਮੋਹਾਲੀ ਫੇਜ਼-8 ਦੇ ਪੁਰਾਣੇ ਬੱਸ ਅੱਡੇ ਨੇੜੇ, ਅੰਗੀਠਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗਭਗ 100-100 ਸਾਲ ਪੁਰਾਣੇ ਦਰੱਖਤਾਂ ਦੀ ਕਥਿਤ ਤੌਰ ’ਤੇ ਕੀਤੀ ਜਾ ਰਹੀ ਕਟਾਈ ਦਾ ਮੁੱਦਾ ਉਠਾਇਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਤਾਵਰਣ ਪ੍ਰੇਮੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਇੱਥੇ ਲਗਾਤਾਰ ਦਰੱਖਤਾਂ ਦੀ ਕਟਾਈ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਤੋਂ ਚੱਲ ਰਹੇ ਇੱਕ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਸਟੇਅ ਦੇ ਬਾਵਜੂਦ ਇਹ ਕਟਾਈ ਹੋ ਰਹੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਬਲਵਿੰਦਰ ਸਿੰਘ ਕੁੰਭੜਾ ਨੇ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਹਰੇ-ਭਰੇ ਦਰੱਖਤਾਂ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰਨ। ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਸੀ.ਜੇ.ਆਈ. ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਈ.ਡੀ. ਤੋਂ ਕਰਵਾਉਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਵੱਡੇ ਪੱਧਰ ’ਤੇ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਨ, ਉਹ 9316116455 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਵਾਤਾਵਰਣ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਲੜਾਈ ਨਾਲ ਜੁੜਨ ਤਾਂ ਜੋ ਦਰੱਖਤਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਕਰਮ ਸਿੰਘ ਕੁਰੜੀ, ਬੱਬਲ ਚੋਪੜਾ, ਚਰਨਜੀਤ, ਨੀਲਮ, ਗੁਰਵਿੰਦਰ ਸਿੰਘ, ਕਰਮਜੀਤ, ਹਰਨੇਕ ਮੌਲਾ ਅਤੇ ਮਾਸਟਰ ਬਨਵਾਰੀ ਲਾਲ ਵੀ ਮੌਜੂਦ ਸਨ।

Comments
Post a Comment