ਅਕਾਲੀ ਦਲ “ਵਾਰਿਸ ਪੰਜਾਬ ਦੇ” ਵਲੋਂ ਵੱਡਾ ਸਿਆਸੀ ਧਮਾਕਾ
ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਲ
ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਾਜ਼ਰੀ ਵਿੱਚ ਹੋਈ ਸ਼ਮੂਲੀਅਤ
ਚੰਡੀਗੜ੍ਹ 23 ਸਤੰਬਰ ( ਰਣਜੀਤ ਧਾਲੀਵਾਲ ) : ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਪੰਜਾਬ ਦੀ ਸਿਆਸਤ ਵਿੱਚ ਆਪਣੀ ਸਿਆਸੀ ਸਰਗਰਮੀ ਨੂੰ ਹੋਰ ਤੇਜ ਕਰਦਿਆਂ ਅੱਜ ਪੰਜਾਬ ਦੀ ਸਿਆਸਤ ਨੂੰ ਨਵੇਂ ਸਮੀਕਰਣ ਵੱਲ ਮੋੜਾ ਦਿੱਤਾ। ਅੱਜ ਅਕਾਲੀ ਦਲ "ਵਾਰਿਸ ਪੰਜਾਬ ਦੇ" ਦੀ ਸੀਨੀਅਰ ਲੀਡਰਸ਼ਿਪ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਵਲੋ ਚੰਡੀਗੜ ਵਿਖੇ ਮਹੱਤਵਪੂਰਨ ਸ਼ਮੂਲੀਅਤ ਕਰਵਾਉਂਦੇ ਹੋਏ, ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਲ ਕਰਵਾਇਆ। ਨਿਰੰਜਨ ਸਿੰਘ ਪੰਜਾਬ ਵਿੱਚ ਉੱਚ-ਪ੍ਰੋਫਾਈਲ, ਡਰੱਗ-ਟ੍ਰੈਫਿਕਿੰਗ ਅਤੇ ਮਨੀ-ਲਾਂਡਰਿੰਗ ਮਾਮਲਿਆਂ ਦੀ ਜਾਂਚ ਨਾਲ ਜੁੜੇ ਮਹੱਤਵਪੂਰਨ ਕੇਸਾਂ ਦੀ ਜਾਂਚ ਕਰ ਚੁੱਕੇ ਹਨ। ਸਰਦਾਰ ਨਿਰੰਜਨ ਸਿੰਘ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਨਸ਼ਿਆਂ ਅਤੇ ਗੈਰ-ਕਾਨੂੰਨੀ ਮਨੀ-ਲਾਂਡਰਿੰਗ ਦੇ ਮਾਮਲਿਆਂ ਬਾਰੇ ਜਨਤਕ ਤੌਰ ’ਤੇ ਵੀ ਆਪਣੀ ਗੱਲ ਰੱਖਦੇ ਰਹੇ ਹਨ। ਪੰਜਾਬ ਵਿੱਚ ਨਸ਼ਾ ਤਸਕਰੀ ਦੇ ਨੈਟਵਰਕ ਅਤੇ ਇਸ ਨਾਲ ਜੁੜੀਆਂ ਕਥਿਤ ਸਮੱਸਿਆਵਾਂ ਬਾਰੇ ਓਹਨਾ ਨੇ ਆਪਣੀ ਡਿਊਟੀ ਦੌਰਾਨ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਬੇਬਾਕ ਗੱਲ ਰੱਖੀ। ਇਸ ਦੇ ਨਾਲ ਹੀ ਸਰਦਾਰ ਨਿਰੰਜਨ ਸਿੰਘ ਨੇ ਭਿਰਸ਼ਟਾਚਾਰ ਖ਼ਿਲਾਫ਼ ਲੜਾਈ ਲੜਦੇ ਹੋਏ, ਕਈ ਸੰਸਥਾਵਾਂ ਦੇ ਸਹਿਯੋਗ ਦੇ ਲੋਕਾਂ ਨੂੰ ਜਾਗਰੂਕ ਕੀਤਾ। ਸਰਕਾਰੀ ਤੰਤਰ ਵਿੱਚ ਘੁਣ ਵਾਂਗ ਲੱਗ ਚੁੱਕੀ ਭ੍ਰਿਸ਼ਟਾਚਾਰ ਦੀ ਬੀਮਾਰੀ ਨੂੰ ਜੜ੍ਹ ਤੋਂ ਪੁੱਟਣ ਲਈ ਓਹ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ।
ਬਲਵਿੰਦਰ ਸਿੰਘ ਸੇਖੋਂ ਪੰਜਾਬ ਪੁਲਿਸ ਵਿੱਚ DSP ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਪੰਜਾਬ ਦੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਜਨਤਕ ਤੌਰ ’ਤੇ ਆਪਣੀ ਆਵਾਜ਼ ਚੁੱਕਦੇ ਰਹੇ ਹਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਸੇਖੋਂ ਪਾਣੀਆਂ ਦੇ ਮੁੱਦੇ ਉੱਪਰ ਵੀ ਜਿੱਥੇ ਆਵਾਜ਼ ਚੁੱਕਦੇ ਆ ਰਹੇ ਹਨ, ਉਥੇ ਹੀ ਪਾਣੀ ਦੀ ਸਾਂਭ ਸੰਭਾਲ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਕਈ ਯਤਨਸ਼ੀਲ ਰਹੇ ਹਨ। ਬਾਪੂ ਤਰਸੇਮ ਸਿੰਘ ਵਲੋ ਜਿਥੇ ਸ਼ਾਮਲ ਹੋਈਆਂ ਦੋਹਾਂ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਗਿਆ ਓਥੇ ਹੀ ਓਹਨਾਂ ਕਿਹਾ ਕਿ, ਦੋਹਾਂ ਸ਼ਖ਼ਸੀਅਤਾਂ ਦਾ ਤਜਰਬਾ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਉਨ੍ਹਾਂ ਦੀ ਸਮਝ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਹਾਇਕ ਹੋਵੇਗੀ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਅੱਜ ਅਕਾਲੀ ਦਲ "ਵਾਰਿਸ ਪੰਜਾਬ ਦੇ" ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਖੇਤਰ ਤੋ ਵੱਡਾ ਤਜੁਰਬਾ ਰੱਖਣ ਵਾਲੀਆਂ ਬੇਬਾਕ ਅਤੇ ਇਮਾਨਦਾਰ ਸਖ਼ਸ਼ੀਅਤਾਂ ਦਾ ਵਾਰਿਸ ਪੰਜਾਬ ਦੇ ਨਾਲ ਜੁੜਨਾ ਸਾਬਿਤ ਕਰਦਾ ਹੈ ਕਿ, ਪੰਜਾਬ ਆਪਣਾ ਮਨ ਬਣਾ ਚੁੱਕਾ ਹੈ। ਇਸ ਵਾਰ ਪੰਜਾਬ ਦੀ ਸੰਗਤ ਆਪਣੇ ਵਾਰਿਸਾਂ ਨੂੰ ਚੁਣਨ ਜਾ ਰਹੀ ਹੈ।
ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ, ਪੰਜਾਬ ਦੇ ਪਾਣੀਆਂ, ਪੰਜਾਬ ਦੇ ਹੱਕਾਂ ਅਤੇ ਨਸ਼ਿਆਂ ਵਰਗੇ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਪੰਜਾਬ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਇਆ ਜਾਵੇਗਾ। ਇਯਾਲੀ ਨੇ ਕਿਹਾ ਕਿ, ਇਹ ਸ਼ਮੂਲੀਅਤ ਪੰਜਾਬ ਦੀ ਖੇਤਰੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਸਿਆਸੀ ਕਦਮ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਆਪਣੀ ਜਥੇਬੰਦਕ ਸਰਗਰਮੀ ਨੂੰ ਹੋਰ ਤੇਜ਼ ਕਰੇਗੀ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਦੇਸ਼ ਦੀ ਸਿਆਸਤ ਲਈ ਮਾਰਗ ਦਰਸ਼ਨ ਬਣਨ ਲਈ ਤਿਆਰ ਹੈ। ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ, ਘੱਟ ਗਿਣਤੀਆਂ ਦੀ ਹੱਕਾਂ ਲਈ ਆਵਾਜ਼ ਚੁੱਕਣਾ, ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੇ ਗੰਭੀਰ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਲੀਡਰਸ਼ਿਪ ਦੀ ਜਵਾਬਦੇਹੀ ਤੈਅ ਕਰਨਾ, ਜੱਥੇਬੰਦੀ ਦਾ ਵੱਡਾ ਏਜੰਡਾ ਹੈ।
ਇਸ ਮੌਕੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਦੀ ਸੰਗਤ, ਪੰਥ ਅਤੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦੀ ਅਪੀਲ ਕੀਤੀ। ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ਅੱਜ ਜਵਾਬਦੇਹ ਲੀਡਰਸ਼ਿਪ ਮੁੱਖ ਲੋੜ ਹੈ। ਜਨਤਾ ਅਤੇ ਸਰਕਾਰਾਂ ਵਿਚ ਪੈਦਾ ਹੋਈ ਬੇਭਰੋਸਗੀ ਕਾਰਨ ਅਸਥਿਰਤਾ ਦਾ ਮਾਹੌਲ ਬਣਿਆ ਹੈ। ਓਹਨਾ ਕਿਹਾ ਕਿ, ਅੱਜ ਪੰਥ ਨਾਲ ਜੁੜੀਆਂ ਸੰਸਥਾਵਾਂ ਨੂੰ ਲਗਾਤਾਰ ਢਾਅ ਲੱਗ ਰਹੀ ਹੈ। ਇਸ ਮੌਕੇ ਭਾਈ ਮਨਦੀਪ ਸਿੰਘ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਸੁਖਵਿੰਦਰ ਸਿੰਘ ਅਵਗਾਨ, ਬਾਬੂ ਸਿੰਘ ਬਰਾੜ, ਕਾਬਿਲ ਸਿੰਘ, ਪਰਮਜੀਤ ਸਿੰਘ ਜੌਹਲ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ।

Comments
Post a Comment