ਮੁੱਖ ਮੰਤਰੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀਆਂ ਮੰਗਾਂ ਵਾਜਬ ਨਾ ਹੋਣ ਦੀ ਗੱਲ ਕਹਿ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ : ਹਰਸਿਮਰਤ ਕੌਰ ਬਾਦਲ
ਮੁੱਖ ਮੰਤਰੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀਆਂ ਮੰਗਾਂ ਵਾਜਬ ਨਾ ਹੋਣ ਦੀ ਗੱਲ ਕਹਿ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ : ਹਰਸਿਮਰਤ ਕੌਰ ਬਾਦਲ
ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨੂੰ ਝੋਟਾ ਦੇ ਕਤਲ ਕੇਸ ਵਿਚ ਸ਼ਾਮਲ ਪੁਲਿਸ ਤੇ ਨਸ਼ਿਆਂ ਦੇ ਅਫਸਰਾਂ ਖਿਲਾਫ ਕਾਰਵਾਈ ਮੰਗਣ ਦਾ ਪੂਰਾ ਹੱਕ
ਮਾਵਾਂ ਧੀਆਂ ਦੀ ਫੌਜ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਰੋਕਣ ਵਾਸਤੇ ਜੱਥੇ ਬਣਾਉਣ
ਜ਼ੀਰਕਪੁਰ 27 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮਰਹੂਮ ਨਸ਼ਾ ਤਸਕਰੀ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀਆਂ ਮੰਨਣ ਤੋਂ ਇਨਕਾਰ ਕਰ ਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ ਜਦੋਂ ਕਿ ਝੋਟਾ ਦੀ ਮ੍ਰਿਤਕ ਦੇਹ ਇਸ ਟਕਰਾਅ ਕਾਰਨ ਮੁਰਦਾਘਰ ਵਿਚ ਪਈ ਹੋਈ ਹੈ। ਬਠਿੰਡਾ ਦੇ ਐਮ ਪੀ ਜਿਹਨਾਂ ਨੇ ਡੇਰਾ ਬੱਸੀ ਤੇ ਘਨੌਰ ਦੀ ਮਾਵਾਂ ਧੀਆਂ ਦੀ ਇਨਸਾਫ ਯਾਤਰਾ ਤਹਿਤ ਇਥੇ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਰਿਵਾਰ ਨਾਲ ਮਿਲਣ ਤੋਂ ਵੀ ਨਾਂਹ ਕਰ ਦਿੱਤੀ ਹੈ ਅਤੇ ਉਲਟਾ ਆਖ ਰਹੇ ਹਨ ਕਿ ਪਰਿਵਾਰ ਦੀਆਂ ਮੰਗਾਂ ਵਾਜਬ ਨਹੀਂ ਹਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਜਿਸਨੇ ਨਸ਼ਾ ਮਾਫੀਆ ਕਾਰਨ ਆਪਣਾ ਇਕਲੌਤਾ ਪੁੱਤਰ ਗੁਆਇਆ, ਸਿਰਫ ਸਿਆਸਤਦਾਨ-ਪੁਲਿਸ-ਪ੍ਰਸ਼ਾਸਨ ਗੰਢਤੁੱਪ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਦਾ ਪੂਰਾ ਹੱਕ ਹੈ ਜਿਹਨਾਂ ਨੇ ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਨੂੰ ਹਥਿਆਰਾਂ ਦਾ ਲਾਇਸੰਸ ਦਿੱਤਾ ਤੇ ਨਾਲ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਦਾ ਵੀ ਹੱਕ ਹੈ ਜਿਹਨਾਂ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੀ ਪ੍ਰਵਾਨਗੀ ਦਿੱਤੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਨਸ਼ਾ ਮਾਫੀਆ ਖਿਲਾਫ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਸਾਨੂੰ ਆਪਣੇ ਸੂਬੇ ਨੂੰ ਇਸ ਨਸ਼ਾ ਤਸਕਰੀ ਤੋਂ ਆਪ ਬਚਾਉਣਾ ਪਵੇਗਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮਾਵਾਂ ਧੀਆਂ ਦੀ ਫੌਜ ਦੀ ਸਿਰਜਣਾ ਕੀਤੀ ਗਈ ਹੈ। ਉਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ 15-15 ਬੀਬੀਆਂ ਦੇ ਜੱਥੇ ਬਣਾ ਕੇ ਪਿੰਡਾ ਵਿਚ ਨਸ਼ਾ ਤਸਕਰੀ ਦੇ ਖਿਲਾਫ ਕੰਮ ਕਰਨ। ਉਹਨਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਵੇਰਵੇ ਦਰਜ ਕਰਨ। ਉਹਨਾਂ ਕਿਹਾ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕੀਤੀ ਜਾਵੇਗੀ ਤਾਂ ਜੋ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ ਤੇ ਤੁਹਾਡੇ ਵੱਲੋਂ ਬਣਾਏ ਰਿਕਾਰਡ ਮੁਤਾਬਕ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਕਾਨੂੰਨ ਬਦਲ ਕੇ ਨਸ਼ਾ ਤਸਕਰਾਂ ਨੂੰ ਅਗਲੇ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣੀ ਅਤੇ ਇਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰਨੀ ਯਕੀਨੀ ਬਣਾਏਗੀ।
ਬਾਦਲ ਨੇ ਉਹਨਾਂ ਮਾਵਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਜਿਹਨਾਂ ਦੇ ਪੁੱਤਰ ਨਸ਼ਿਆਂ ਕਾਰਨ ਮਾਰੇ ਗਏ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਮਨਜੀਤ ਕੌਰ ਵਰਗੀਆਂ ਮਾਵਾਂ ਜਿਹਨਾਂ ਨੇ ਪੰਜ-ਪੰਜ ਪੁੱਤਰ ਨਸ਼ਿਆਂ ਕਾਰਨ ਗੁਆਏ ਤੇ ਪ੍ਰੀਤੋ ਜਿਸਨੇ ਆਪਣੇ ਚਾਰ ਪੁੱਤਰ ਨਸ਼ਿਆਂ ਕਾਰਨ ਗੁਆਏ, ਉਹਨਾਂ ਦਾ ਦੁੱਖ ਵੇਖਣਾ ਬਹੁਤ ਮੁਸ਼ਕਿਲ ਹੈ। ਉਹਨਾਂ ਨੇ ਪਰਵਿੰਦਰ ਝੋਟਾ ਤੇ ਉਹਨਾਂ ਦੀ ਪਤਨੀ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਝੋਟਾ ਲਈ ਨਿਆਂ ਹਾਸਲ ਕਰਨ ਵਾਸਤੇ ਆਪ ਸਰਕਾਰ ਦੇ ਜ਼ੋਰ ਅੱਗੇ ਡਟੇ ਰਹਿਣ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਹਲਕੇ ਦੇ ਦੋ ਪੁੱਤਰ ਇਕੋ ਦਿਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ। ਉਹਨਾਂ ਕਿਹਾ ਕਿ ਪਾਰਕ ਇਸ ਵੇਲੇ ਨਸ਼ੇੜੀਆਂ ਵਾਸਤੇ ਸੁਰੱਖਿਅਤ ਠਿਕਾਣੇ ਬਣ ਗਏ ਹਨ ਅਤੇ ਨਸ਼ੇੜੀ ਲੋਕਾਂ ਤੋਂ ਲੁੱਟਾਂ ਖੋਹਾਂ ਕਰਨ ਤੇ ਹੋਰ ਅਪਰਾਧ ਕਰਨ ਵਿਚ ਲੱਗੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਡੇਰਾ ਬੱਸੀ ਵਿਚ ਆਈ ਟੀ ਤੇ ਐਜੂ ਸਿਟੀ ਬਣਾਉਣ ਸਮੇਤ ਵਿਕਾਸ ਕਾਰਜ ਕਰਵਾਏ ਗਏ ਅਤੇ ਫਲਾਈਓਵਰ ਤੇ ਪੁੱਲਾਂ ਦਾ ਨਿਰਮਾਣ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਲਾਂਡਰਾ ਤੇ ਬਬੀਤਾ ਸ਼ਰਮਾ ਨੇ ਵੀ ਸੰਬੋਧਨ ਕੀਤਾ।

Comments
Post a Comment