ਸ਼੍ਰੋਮਣੀ ਅਕਾਲੀ ਦਲ ਮੁਹਾਲੀ-ਜ਼ੀਰਕਪੁਰ-ਡੇਰਾ ਬੱਸੀ-ਨਿਊ ਚੰਡੀਗੜ੍ਹ- ਖਰੜ ਪੱਟੀ ਨੂੰ ਦੇਸ਼ ਦਾ ਅਗਲਾ ਵਿੱਤੀ ਕੇਂਦਰ ਬਣਾਵੇਗਾ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਮੁਹਾਲੀ-ਜ਼ੀਰਕਪੁਰ-ਡੇਰਾ ਬੱਸੀ-ਨਿਊ ਚੰਡੀਗੜ੍ਹ- ਖਰੜ ਪੱਟੀ ਨੂੰ ਦੇਸ਼ ਦਾ ਅਗਲਾ ਵਿੱਤੀ ਕੇਂਦਰ ਬਣਾਵੇਗਾ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਆਪ-ਕਾਂਗਰਸ ਵੱਲੋਂ ਬਲਾਕ ਸੰਮਤੀ ਚੋਣਾਂ ਵਿਚ ਕੀਤੇ ਗਠਜੋੜ ਨੇ ਸਪਸ਼ਟ ਕੀਤਾ ਕਿ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੇ
ਕਿਹਾ ਕਿ ਕੇਜਰੀਵਾਲ ਝੂਠ ਬੋਲ ਰਹੇ ਹਨ ਕਿ ਜੇਕਰ 2027 ਵਿਚ ਆਪ ਤੋਂ ਇਲਾਵਾ ਕੋਈ ਹੋਰ ਸੱਤਾ ਵਿਚ ਆਇਆ ਤਾਂ ਭਲਾਈ ਸਕੀਮਾਂ ਬੰਦ ਹੋ ਜਾਣਗੀਆਂ
ਡੇਰਾ ਬੱਸੀ ਵਿਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ ਜਿਸ ਵਿਚ ਮੀਂਹ ਅਤੇ ਰੈਲੀ ਵਾਲੀ ਥਾਂ ਬਦਲਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਮੂਲੀਅਤ
ਡੇਰਾ ਬੱਸੀ 29 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ 2027 ਵਿਚ ਸੱਤਾ ਵਿਚ ਆਇਆ ਤਾਂ ਪਾਰਟੀ ਮੁਹਾਲੀ-ਡੇਰਾ ਬੱਸੀ-ਨਿਊ ਚੰਡੀਗੜ੍ਹ-ਖਰੜ ਪੱਟੀ ਨੂੰ ਮੁੰਬਈ ਤੇ ਗੁੜਗਾਓਂ ਵਾਂਗੂ ਦੇਸ਼ ਦਾ ਅਗਲਾ ਵਿੱਤੀ ਕੇਂਦਰ ਬਣਾਉਣ ਵਾਸਤੇ ਵਚਨਬੱਧ ਹੈ। ਅੱਜ ਇਥੇ ਪਾਰਟੀ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਜਿਸ ਵਿਚ ਮੀਂਹ ਤੇ ਰੈਲੀ ਵਾਲੀ ਥਾਂ ਬਦਲਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ, ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਇਲਾਕੇ ਵਿਚ ਆਈ ਟੀ ਕੇਂਦਰ ਤਿਆਰ ਕਰਾਂਗੇ ਅਤੇ ਇਥੇ ਸੈਰ ਸਪਾਟਾ ਆਧਾਰਿਤ ਪ੍ਰਾਜੈਕਟ ਲਿਆਵਾਂਗਾ ਅਤੇ ਡੇਰਾ ਬੱਸੀ ਵਿਚ ਉਦਯੋਗ ਆਧਾਰਿਤ ਕੇਂਦਰ ਸਥਾਪਿਤ ਕਰਾਂਗੇ। ਉਹਨਾਂ ਕਿਹਾ ਕਿ ਇਸ ਸਾਰੇ ਇਲਾਕੇ ਨੂੰ ਮੈਟਰੋ ਰੇਲ ਪ੍ਰਣਾਲੀ ਨਾਲ ਜੋੜਿਆ ਜਾਵੇਗਾ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਵਿਸ਼ਵ ਪੱਧਰੀ ਢਾਂਚਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਉਦਮ ਜੋ ਅਸੀਂ ਪੰਜ ਸਾਲ ਵਿਚ ਪੂਰਾ ਕਰਾਂਗੇ, ਉਹ ਚੰਡੀਗੜ੍ਹ ਦੇ ਨੇੜੇ ਮਹਾਂਨਗਰ ਦੇ ਉਭਾਰ ਵਿਚ ਮਦਦ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮੁਹਾਲੀ ਵਿਚ ਕੌਮਾਂਤਰੀ ਹਵਾਈ ਅੱਡਾ ਸਥਾਪਿਤ ਕਰ ਕੇ ਇਸਨੂੰ ਕੌਮਾਂਤਰੀ ਨਕਸ਼ੇ ’ਤੇ ਲਿਆਂਦਾ ਅਤੇ ਪਾਰਟੀ 2027 ਵਿਚ ਸੱਤਾ ਵਿਚ ਆਉਣ ’ਤੇ ਇਸਨੂੰ ਅਗਲੇ ਪੜਾਅ ਵੱਲ ਲੈ ਕੇ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਬਲਾਕ ਸੰਮਤੀ ਦੇ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀਆਂ ਚੋਣਾਂ ਵਿਚ ਇਕ ਦੂਜੇ ਨਾਲ ਰਲ ਗਈਆਂ ਜਿਸ ਤੋਂ ਸਪਸ਼ਟ ਹੋ ਗਿਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੀਆਂ। ਉਹਨਾਂ ਕਿਹਾ ਕਿ ਜਿਵੇਂ ਬਾਘਾਪੁਰਾਣਾ, ਕੋਟਕਪੁਰਾ ਤੇ ਫਰੀਦਕੋਟ ਬਲਾਕ ਸੰਮਤੀ ਦੇ ਚੇਅਰਪਰਸਨ/ਵਾਈਸ ਚੇਅਰਪਰਸਨ ਦੀ ਚੋਣ ਵਿਚ ਦੋਵੇਂ ਪਾਰਟੀਆਂ ਅਕਾਲੀ ਦਲ ਨੂੰ ਬਾਹਰ ਰੱਖਣ ਵਾਸਤੇ ਇਕੱਠੀਆਂ ਹੋਈਆਂ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ 2027 ਵਿਚ ਆਪ ਤੇ ਕਾਂਗਰਸ ਇਕੱਠੀਆਂ ਲੜਨਗੀਆਂ ਜਿਸਦਾ ਮਕਸਦ ਇਕੋ ਹੋਵੇਗਾ ਕਿ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ।ਉਹਨਾਂ ਨੇ ਪੰਜਾਬੀਆਂ ਨੂੰ ਚੇਤਾਵਨੀ ਦਿੱਤੀ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਹੀ ਪੰਜਾਬ ਨੂੰ ਕਈ ਦਹਾਕੇ ਪਿੱਛੇ ਕੀਤਾ ਹੈ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪੰਜਾਬੀ ਦਿੱਲੀ ਆਧਾਰਿਤ ਇਹਨਾਂ ਦੋਵਾਂ ਪਾਰਟੀਆਂ ਨੂੰ ਪਿੱਛੇ ਕਰ ਕੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਹਮਾਇਤ ਕਰਨਗੇ।ਬਾਦਲ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਹ ਝੂਠ ਬੋਲਣ ਦੀ ਵੀ ਨਿਖੇਧੀ ਕੀਤੀ ਕਿ ਜੇਕਰ 2027 ਵਿਚ ਆਪ ਸੱਤਾ ਵਿਚ ਨਾ ਆਈ ਤਾਂ ਦੂਜੀਆਂ ਪਾਰਟੀਆਂ ਭਲਾਈ ਸਕੀਮਾਂ ਰੋਕ ਦੇਣਗੀਆਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਸੱਚਾਈ ਜਾਣਦੇ ਹਨ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿਚ ਮੌਜੂਦਾ ਸਮੇਂ ਚਲ ਰਹੀਆਂ ਸਾਰੀਆਂ ਭਲਾਈ ਸਕੀਮਾਂ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਈਆਂ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਂ ਬੁਢਾਪਾ ਪੈਨਸ਼ਨ, ਆਟਾ ਦਾਲ, ਸ਼ਗਨ ਤੇ ਐਸ ਸੀ ਸਕਾਲਰਸ਼ਿਪ ਸਕੀਮ ਸਮੇਤ ਇਹਨਾਂ ਵੱਖ-ਵੱਖ ਸਕੀਮਾਂ ਵਿਚ ਜਾਂ ਤਾਂ ਕਟੌਤੀ ਕੀਤੀ ਹੈ ਜਾਂ ਫਿਰ ਇਹ ਬੰਦ ਹੀ ਕਰ ਦਿੱਤੀਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਿਚ ਸੱਤਾ ਵਿਚੋਂ ਖਦੇੜੇ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਫਿਰ ਤੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਸੁਫਨੇ ਲੈ ਰਹੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਹ ਹੁਣ ਮੁੜ ਨੀਂ ਹੋਵੇਗਾ। ਪੰਜਾਬੀ ਜਾਣਦੇ ਹਨ ਕਿ ਉਹ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਨਾਲ ਚਲ ਰਹੇ ਹਨ ਅਤੇ ਉਹ 2027 ਵਿਚ ਇਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਐਨ ਕੇ ਸ਼ਰਮਾ ਵੱਲੋਂ ਚੁੱਕੇ ਸਾਰੇ ਮੁੱਦਿਆਂ ਦੀ ਗੱਲ ਕਰਦਿਆਂ ਸਹਿਮਤੀ ਪ੍ਰਗਟ ਕੀਤੀ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਜਿਹਨਾਂ ਵਿਚ ਜ਼ੀਰਕਪੁਰ ਵਿਖੇ ਹਸਪਤਾਲ ਬਣਾਉਣਾ, ਪੀਣ ਵਾਲੇ ਪਾਣੀ ਵਾਸਤੇ ਨਹਿਰੀ ਪਾਣੀ ਦੇਣਾ, ਛੱਤਬੀੜ ਵਿਖੇ ਸੈਰ ਸਪਾਟਾ ਕੇਂਦਰ ਸਥਾਪਿਤ ਕਰਨਾ, ਹੰਡੇਸਰਾ ਨੂੰ ਸਬ ਤਹਿਸੀਲ ਬਣਾਉਣਾ, ਲਾਲੜੂ ਵਿਖੇ ਲੜਕੀਆਂ ਦਾ ਕਾਲਜ ਬਣਾਉਣਾ, ਇਲਾਕੇ ਦੇ ਸਕੂਲਾਂ ਵਿਚ ਪੁਆਧੀ ਪੜ੍ਹਾਉਣ ਦੀ ਸ਼ੁਰੂਆਤ ਕਰਨਾ, ਘੜਾਮ ਅਤੇ ਕੁੰਤੀ ਕੁੰਡ ਵਿਚ ਧਾਰਮਿਕ ਕੇਂਦਰ ਵਜੋਂ ਵਿਤਸਕ ਕਰਨਾ ਸ਼ਾਮਲ ਹਨ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਸ੍ਰੀ ਐਨ ਕੇ ਸ਼ਰਮਾ ਅਗਲੇ ਵਿੱਤ ਮੰਤਰੀ ਹੋਣਗੇ।ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ, ਕਿਸਾਨਾਂ ਨੂੰ ਦਿਨ ਵੇਲੇ 12 ਘੰਟ ਬਿਜਲੀ ਸਪਲਾਈ ਖੇਤੀਬਾੜੀ ਵਾਸਤੇ ਦਿੱਤੀ ਜਾਵੇਗੀ, ਇਕ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦੇਵੇਗੀ ਅਤੇ ਇਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਹੋਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਗ੍ਰੈਜੂਏਸ਼ਨ ਪੱਧਰ ਤੱਕ ਸਿੱਖਿਆ ਮੁਫਤ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਡੇਅਰੀ ਤੇ ਪੋਲਟਰੀ ਪ੍ਰਾਜੈਕਟਾਂ ਸਮੇਤ ਪਸ਼ੂ ਪਾਲਣ ਦੇ ਧੰਦੇ ਵਾਸਤੇ ਫਾਰਮ ਖੋਲ੍ਹਣ ਲਈ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ, ਪਰਵਿੰਦਰ ਸੋਹਾਣਾ, ਸਰਬਜੀਤ ਸਿੰਘ ਝਿੰਜਰ, ਰਵਿੰਦਰ ਖੇੜਾ, ਰਾਜਿੰਦਰ ਸਿੰਘ ਵਿਰਕ ਸਨੌਰ ਤੇ ਹੋਰ ਆਗੂ ਵੀ ਮੌਜੂਦ ਸਨ।

Comments
Post a Comment