ਮੋਹਾਲੀ ਦੇ ਵਾਰਡ ਨੰਬਰ 28 ਪਿੰਡ ਕੁੰਭੜਾ ਵਿੱਚ ਫਰਜ਼ੀ ਵੋਟਾਂ ਦਾ ਹੋਇਆ ਵੱਡਾ ਖੁਲਾਸਾ
ਪ੍ਰਸ਼ਾਸਨ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦਿਆਂ ਕੀਤੀ ਨਹੀਂ ਕੋਈ ਕਾਰਵਾਈ
ਉੱਘੇ ਸਮਾਜ ਸੇਵੀ ਬਲਵਿੰਦਰ ਕੁੰਭੜਾ ਨੇ ਪ੍ਰੈਸ ਸਾਹਮਣੇ ਕੀਤੇ ਵੱਡੇ ਖੁਲਾਸੇ ਤੇ ਦਿਖਾਈਆਂ ਫ਼ਰਜ਼ੀ ਤੇ ਗ਼ੈਰ ਸੰਵਿਧਾਨਿਕ ਵੋਟਾਂ ਵਾਲੀਆਂ ਲਿਸਟਾਂ
ਪੰਜਾਬ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਐਸ.ਡੀ.ਐਮ. ਮੋਹਾਲੀ ਨੂੰ ਦਿੱਤੀਆਂ ਲਿਖਤੀ ਦਰਖਾਸਤਾਂ
ਚੋਣ ਪ੍ਰਕਿਰਿਆ ਸਮੇਂ ਜੇਕਰ ਫਰਜ਼ੀ ਵੋਟਾਂ ਨੂੰ ਲੈ ਕੇ ਕੋਈ ਹੁੰਦੀ ਹੈ ਕੋਈ ਅਣਸਖਾਮੀ ਘਟਨਾ ਤਾਂ ਹੋਵੇਗਾ ਪ੍ਰਸ਼ਾਸਨ ਜਿੰਮੇਵਾਰ
ਐਸ.ਏ.ਐਸ.ਨਗਰ 25 ਮਈ ( ਰਣਜੀਤ ਧਾਲੀਵਾਲ ) : ਐਸ. ਏ. ਐਸ. ਨਗਰ ਮੋਹਾਲੀ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਹੋਇਆ। ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬਣੀਆਂ ਗੈਰ ਸੰਵਿਧਾਨਿਕ ਜਾਅਲੀ ਵੋਟਾਂ ਦੀਆਂ ਲਿਸਟਾਂ ਦਿਖਾਉਂਦੇ ਹੋਏ ਕਿਹਾ ਕਿ ਇਹਨਾਂ ਵੋਟਾਂ ਵਿੱਚ ਨਾ ਕਿਸੇ ਮਕਾਨ ਦਾ ਨੰਬਰ ਹੈ ਅਤੇ ਨਾ ਹੀ ਉਸ ਵਿਅਕਤੀ ਦੀ ਕੋਈ ਫੋਟੋ ਲੱਗੀ ਹੈ, ਬਸ ਵਾਸੀ ਪਿੰਡ ਕੁੰਭੜਾ ਹੀ ਲਿਖ ਕੇ ਵੋਟਾਂ ਤਿਆਰ ਕੀਤੀਆਂ ਹਨ। ਜਦਕਿ ਮਾਨਯੋਗ ਹਾਈਕੋਰਟ ਨੇ CWP-2608-2026(O&M)/ 31.01.2026 ਹੁਕਮ ਜਾਰੀ ਕੀਤੇ ਸਨ ਕਿ ਜਾਅਲੀ ਵੋਟਾਂ ਦੀ ਤੁਰੰਤ ਸੁਧਾਈ ਕੀਤੀ ਜਾਵੇ।
ਇਸ ਨੂੰ ਲੈ ਕੇ ਅੱਜ ਪ੍ਰਧਾਨ ਕੁੰਭੜਾ ਨੇ ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਿਆ ਹੈ ਅਤੇ ਬਣੀਆਂ ਜਾਅਲੀ ਵੋਟਾਂ ਅੱਜ ਤੱਕ ਨਹੀਂ ਕੱਟੀਆਂ ਗਈਆਂ। ਜਿਸ ਦੀਆਂ ਉਹਨਾਂ ਨੇ ਪ੍ਰੈਸ ਸਾਹਮਣੇ ਕਾਪੀਆਂ ਵੀ ਦਿਖਾਈਆਂ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਚੋਣ ਪ੍ਰਕਿਰਿਆ ਸਮੇਂ ਇਹਨਾਂ ਜਾਅਲੀ ਵੋਟਾਂ ਨੂੰ ਲੈ ਕੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਸਿੱਧੇ ਤੌਰ ਤੇ ਡਿਪਟੀ ਕਮਿਸ਼ਨਰ ਮੋਹਾਲੀ, ਐਸਐਸਪੀ ਮੋਹਾਲੀ, ਐਸਡੀਐਮ ਮੋਹਾਲੀ ਅਤੇ ਸੰਬੰਧਿਤ ਅਧਿਕਾਰੀ ਜਿੰਮੇਵਾਰ ਹੋਣਗੇ। ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕਲਰ, ਐਸਸੀ ਬੀਸੀ ਮੋਰਚੇ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਸ਼ੈਂਕੀ, ਸੁਖਦੇਵ ਸਿੰਘ, ਹਰਦੀਪ ਸਿੰਘ, ਬਚਨ ਸਿੰਘ ਕੁੰਭੜਾ, ਪ੍ਰਧਾਨ ਜਸਮੇਰ ਸਿੰਘ, ਪਲਵਿੰਦਰ ਸਿੰਘ ਪਾਲੀ ਆਦਿ ਹਾਜ਼ਰ ਹੋਏ।

Comments
Post a Comment