ਵਿਆਹ ਤੋਂ ਪਹਿਲਾਂ ਗੰਭੀਰ ਬਿਮਾਰੀ ਲੁਕਾ ਕੇ ਧੋਖੇ ਨਾਲ ਵਿਆਹ ਕਰਵਾਉਣ ਅਤੇ 73 ਲੱਖ ਰੁਪਏ ਦੀ ਠੱਗੀ ਦੇ ਦੋਸ਼
ਰਾਜਪਾਲ, ਮੁੱਖ ਮੰਤਰੀ ਤੇ ਕਮਿਸ਼ਨਾਂ ਕੋਲ ਨਿਰਪੱਖ ਜਾਂਚ ਦੀ ਮੰਗ
ਚੰਡੀਗੜ੍ਹ 20 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਦੇ ਮੁਕੇਰੀਆਂ ਦੇ ਪਿੰਡ ਟਾਂਡਾ ਰਾਮਸਹਾਏ ਦੀ ਰਹਿਣ ਵਾਲੀ ਦਲਜੀਤ ਕੌਰ ਨੇ ਆਪਣੀ ਧੀ ਦੇ ਵਿਆਹ ਵਿੱਚ ਗੰਭੀਰ ਬਿਮਾਰੀ ਲੁਕਾ ਕੇ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲਗਾਉਂਦਿਆਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦਲਜੀਤ ਕੌਰ ਦੇ ਅਨੁਸਾਰ, ਉਸ ਦੀ ਧੀ ਰਮਨਦੀਪ ਕੌਰ ਦਾ ਵਿਆਹ ਇਸ ਸਾਲ 14 ਜਨਵਰੀ ਨੂੰ ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਨਿਵਾਸੀ ਅਰੁਣਦੀਪ ਸਿੰਘ ਨਾਲ ਹੋਇਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਉਸ ਦੇ ਪਰਿਵਾਰ ਨੇ ਜਾਣਬੁੱਝ ਕੇ ਇਹ ਗੱਲ ਲੁਕਾਈ ਕਿ ਉਹ ਲੰਬੇ ਸਮੇਂ ਤੋਂ ਦਿਮਾਗੀ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਨੂੰ ਦੌਰੇ ਵੀ ਪੈਂਦੇ ਸਨ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੇ ਦੀ ਸਾਲ 2021 ਵਿੱਚ ਦਿਮਾਗ ਦੀ ਵੱਡੀ ਸਰਜਰੀ ਹੋਈ ਸੀ ਅਤੇ ਸਾਲ 2025 ਵਿੱਚ ਉਸ ਦਾ ਦੁਬਾਰਾ ਆਪਰੇਸ਼ਨ ਕੀਤਾ ਗਿਆ। ਦੋਸ਼ ਹੈ ਕਿ ਡਾਕਟਰਾਂ ਵੱਲੋਂ ਸਿਹਤ ਦੀ ਗੰਭੀਰ ਸਥਿਤੀ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਇਹ ਤੱਥ ਵਿਆਹ ਤੋਂ ਪਹਿਲਾਂ ਨਹੀਂ ਦੱਸਿਆ ਗਿਆ।
ਸ਼ਿਕਾਇਤ ਮੁਤਾਬਕ ਵਿਆਹ ’ਤੇ ਕਰੀਬ 11 ਤੋਲੇ ਸੋਨਾ, ਲਗਭਗ 23 ਲੱਖ ਰੁਪਏ ਦੀ ਥਾਰ ਗੱਡੀ, 6 ਤੋਂ 7 ਲੱਖ ਰੁਪਏ ਸ਼ਗਨ ਅਤੇ ਹੋਰ ਖਰਚਿਆਂ ਸਮੇਤ ਕੁੱਲ ਕਰੀਬ 73 ਲੱਖ ਰੁਪਏ ਖਰਚ ਕੀਤੇ ਗਏ। ਦਲਜੀਤ ਕੌਰ ਨੇ ਦਾਅਵਾ ਕੀਤਾ ਕਿ ਸੋਨਾ ਦੇਣ ਦੀ ਵੀਡੀਓ, ਵਿਆਹ ਦੀ ਰਿਕਾਰਡਿੰਗ ਅਤੇ ਹੋਰ ਦਸਤਾਵੇਜ਼ ਉਨ੍ਹਾਂ ਕੋਲ ਸਬੂਤ ਵਜੋਂ ਮੌਜੂਦ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਲੜਕੇ ਦਾ ਪੂਰਾ ਪਰਿਵਾਰ ਉਸ ਦੀ ਬਿਮਾਰੀ ਤੋਂ ਪਹਿਲਾਂ ਹੀ ਜਾਣੂ ਸੀ, ਪਰ ਇਸ ਦੇ ਬਾਵਜੂਦ ਜਾਣਕਾਰੀ ਲੁਕਾ ਕੇ ਵਿਆਹ ਕਰਵਾਇਆ ਗਿਆ।
ਬਾਕਸ-1: ਮਹਿਲਾ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਕਾਰਵਾਈ ਨਾ ਹੋਣ ਦਾ ਦੋਸ਼
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਣਵਾਈ ਦੌਰਾਨ ਲੜਕੇ ਵਾਲੇ ਪੱਖ ਨੂੰ ਤਲਬ ਕੀਤਾ ਸੀ, ਪਰ ਉਹ ਕਥਿਤ ਤੌਰ ’ਤੇ ਹਾਦਸੇ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ। ਸ਼ਿਕਾਇਤ ਮੁਤਾਬਕ ਜਾਂਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਮਿਸ਼ਨ ਨੇ ਪਾਸਪੋਰਟ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ।
ਬਾਕਸ-2: ਪੁਲਿਸ ਦੀ ਭੂਮਿਕਾ ’ਤੇ ਵੀ ਸਵਾਲ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਹੁਸ਼ਿਆਰਪੁਰ ਅਤੇ ਕਪੂਰਥਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਮਾਮਲਾ ਲੈ ਜਾਣ ਦੇ ਬਾਵਜੂਦ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਲਗਾਤਾਰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਬਾਕਸ-3: ਮੁੱਖ ਮੰਤਰੀ ਕੋਲ ਉੱਚ ਪੱਧਰੀ ਜਾਂਚ ਦੀ ਮੰਗ
ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੂਰੇ ਮਾਮਲੇ ਦੀ ਸੁਤੰਤਰ ਅਤੇ ਸਮੇਂਬੱਧ ਜਾਂਚ ਕਰਵਾਉਣ, ਮਹਿਲਾ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ, ਸਥਾਨਕ ਪੁਲਿਸ ਦੀ ਭੂਮਿਕਾ ਦੀ ਜਾਂਚ ਕਰਨ ਅਤੇ ਜਾਂਚ ਦੌਰਾਨ ਦੋਸ਼ੀ ਪੱਖ ਦੇ ਵਿਦੇਸ਼ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋੜੀਂਦੇ ਕਾਨੂੰਨੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਧੀ ਅਤੇ ਪੂਰੇ ਪਰਿਵਾਰ ਨੂੰ ਇਨਸਾਫ਼, ਸੁਰੱਖਿਆ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਹੈ।

Comments
Post a Comment