ਬਿਜਲੀ ਮੁਲਾਜ਼ਮਾਂ ਤੇ ਜ਼ਰੂਰੀ ਸੇਵਾਵਾਂ ਐਕਟ ( ਐਸਮਾ) ਲਾਉਣ ਦੀ ਧਮਕੀ ਦਾ ਭਾਕਿਯੂ ਏਕਤਾ ਡਕੌਂਦਾ ਵੱਲੋਂ ਵਿਰੋਧ
ਪੰਜਾਬ ਸਰਕਾਰ ਜਬਰ ਦਾ ਰਾਹ ਛੱਡ ਕੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ : ਮਨਜੀਤ ਧਨੇਰ
ਪੰਜਾਬ ਸਰਕਾਰ ਬਿਜਲੀ ਅਦਾਰੇ ਨੂੰ ਕੰਗਾਲ ਕਰਨਾ ਬੰਦ ਕਰੇ: ਗੁਰਦੀਪ ਰਾਮਪੁਰਾ
ਪਾਵਰਕਾਮ ਸਿਰ ਕਰਜ਼ੇ ਦੀ ਪੰਡ ਚੜ੍ਹਾਉਣਾ, ਨਿੱਜੀਕਰਨ ਲਈ ਰਾਹ ਪੱਧਰਾ ਕਰਨ ਦੀ ਸਾਜਿਸ਼ : ਹਰਨੇਕ ਮਹਿਮਾ
ਚੰਡੀਗੜ੍ਹ 26 ਜੁਲਾਈ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਸਮੂਹਿਕ ਛੁੱਟੀ ਲੈ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਤੇ ਜ਼ਰੂਰੀ ਸੇਵਾਵਾਂ ਕਾਨੂੰਨ ਲਾਗੂ ਕਰਨ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇੱਕ ਪਾਸੇ ਪਾਵਰਕਾਮ ਨੇ ਸਾਲ 2024-25 ਦੌਰਾਨ 6200 ਕਰੋੜ ਅਤੇ 2025-26 ਵਿੱਚ 2204 ਕਰੋੜ ਦਾ ਮੁਨਾਫਾ ਕਮਾਇਆ ਹੈ, ਦੂਜੇ ਪਾਸੇ ਤਿੰਨ ਮਹੀਨੇ ਬਾਅਦ ਹੀ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਫਤ ਬਿਜਲੀ ਦੇ ਪੈਸੇ, ਪਾਵਰਕਾਮ ਨੂੰ ਨਾ ਮੋੜਨ ਅਤੇ ਸਰਕਾਰੀ ਅਦਾਰਿਆਂ ਦੇ ਬਿੱਲ ਨਾ ਭਰਨ ਕਰਕੇ ਇਹ ਕਰਜ਼ਾ ਲੈਣਾ ਪੈ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਪਾਵਰਕਾਮ ਨੂੰ ਕੰਗਾਲ ਕਰ ਰਹੀ ਹੈ ਤਾਂ ਕਿ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ। ਬਿਜਲੀ ਮੁਲਾਜ਼ਮ ਪਾਵਰਕਾਮ ਨੂੰ ਬਚਾਉਣ ਅਤੇ ਆਪਣੀਆ ਹੋਰ ਹੱਕੀ ਮੰਗਾਂ ਲਈ ਲੜ ਰਹੇ ਹਨ। ਉਹਨਾਂ ਤੇ ਐਸਮਾ ਲਾਉਣ ਜਾਂ ਹੋਰ ਜਬਰ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਬਰਦਸਤ ਵਿਰੋਧ ਕਰੇਗੀ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਵਾ ਸਾਲ ਤੋਂ ਅੰਨ੍ਹੇ ਤਸ਼ੱਦਦ ਦਾ ਰਾਹ ਫੜਿਆ ਹੋਇਆ ਹੈ। ਕਿਸਾਨਾਂ ਤੇ ਅਨੇਕਾਂ ਵਾਰ ਜਬਰ ਕੀਤਾ ਗਿਆ। ਇਸੇ ਤਰ੍ਹਾਂ ਮੁਲਾਜ਼ਮਾਂ, ਪੈਨਸ਼ਨਰਾਂ, ਆਸ਼ਾ ਵਰਕਰਾਂ, ਮਗਨਰੇਗਾ ਵਰਕਰਾਂ, ਅਪ੍ਰੈਂਟਿਸਿਪ ਲਾਈਨਮੈਨਾਂ ਅਤੇ ਬਰਨਾਲਾ ਵਿੱਚ ਸਵਾਈ ਸੇਵਕਾਂ ਤੇ ਤਸ਼ੱਦਦ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਿਕ ਕਿਸਾਨ ਘੋਲ ਦੀ ਜਿੱਤ ਅਤੇ ਹੁਣ ਜੰਤਰ ਮੰਤਰ ਤੇ ਵਿਦਿਆਰਥੀਆਂ ਦੀ ਜਿੱਤ ਤੋਂ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਝੂਠੇ ਲਾਰਿਆਂ ਅਤੇ ਗੱਪਾਂ ਦੀ ਥਾਂ ਸੰਘਰਸ਼ਸ਼ੀਲ ਤਬਕਿਆਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਵੇਗਾ।
ਸੂਬਾ ਕਮੇਟੀ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਖੇਤਾਂ ਵਿੱਚ ਸੜੇ ਹੋਏ ਟ੍ਰਾਂਸਫਾਰਮਰ ਬਦਲੇ ਨਹੀਂ ਜਾ ਰਹੇ। ਇਸ ਲਈ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ ਅਤੇ ਹੋਰ ਲੋਕਾਂ ਨੂੰ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਤੁਰੰਤ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਹੜਤਾਲ ਦਾ ਸਮਾਧਾਨ ਕਰਵਾਵੇ। ਜਥੇਬੰਦੀ ਨੇ 25 ਜੁਲਾਈ ਨੂੰ ਸੰਗਰੂਰ ਵਿਖੇ ਆਸ਼ਾ ਵਰਕਰਾਂ ਤੇ ਕੀਤੇ ਤਸ਼ੱਦਦ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Comments
Post a Comment