ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਨੂੰ ਲੈ ਕੇ ਵੜਿੰਗ ਨੇ ਮਾਨ ਅਤੇ ਕੇਜਰੀਵਾਲ ਨੂੰ ਘੇਰਿਆ
ਚੋਣਾਂ ਤੋਂ ਪਹਿਲਾਂ 24 ਘੰਟਿਆਂ ਵਿੱਚ ਇਨਸਾਫ਼ ਲਈ ਦਿੱਤੀ ਗਾਰੰਟੀ ਯਾਦ ਦਿਵਾਈ
ਕਿਹਾ: ਕਾਰਜਕਾਲ ਦੇ ਆਖ਼ਰੀ ਪੜਾਅ ਵਿੱਚ ਲੋਕਾਂ ਨੂੰ ਤਲਬ ਕਰਨਾ ਕਿਸੇ ਸੌਦੇਬਾਜ਼ੀ ਦੀ ਕੋਸ਼ਿਸ਼ ਦਾ ਹਿੱਸਾ
ਚੰਡੀਗੜ੍ਹ 19 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਨਾ ਮਿਲਣ ਤੇ ਸਵਾਲ ਕੀਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਆਪ ਆਗੂਆਂ ਨੂੰ ਚੋਣਾਂ ਤੋਂ ਪਹਿਲਾਂ ਦਿੱਤੀ 24 ਘੰਟਿਆਂ ਦੀ ਮਿਆਦ ਦੀ ਯਾਦ ਦਿਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਬੇਅਦਬੀ ਮਾਮਲੇ ਦਾ ਹੱਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਆਪ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਪੜਾਅ ਵਿੱਚ ਹੈ ਅਤੇ ਉਸਦੇ ਕੋਲ ਸਿਰਫ ਛੇ ਮਹੀਨੇ ਹੀ ਬਾਕੀ ਰਹਿ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨੇ ਅਕਾਲੀਆਂ ਨੂੰ ਛੱਡ ਦਿੱਤਾ, ਜਦਕਿ ਸੀਨੀਅਰ ਕਾਂਗਰਸੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ, ਜਿਨ੍ਹਾਂ ਨੂੰ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ। ਇਸ ਦੌਰਾਨ, ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਕਿਵੇਂ ਤੁਸੀਂ ਬਿਨ੍ਹਾਂ ਕਿਸੇ ਕਾਰਨ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਸੇ ਗੁਪਤ ਸਮਝੌਤੇ ਤਹਿਤ ਅਕਾਲੀਆਂ ਨੂੰ ਛੱਡ ਦਿੱਤਾ। ਵੜਿੰਗ ਨੇ ਆਪ ਆਗੂਆਂ ਨੂੰ ਕਿਹਾ ਕਿ ਹੁਣ ਤੁਸੀਂ ਲੋਕਾਂ ਨੂੰ ਤਲਬ ਕਰਨਾ ਸ਼ੁਰੂ ਕੀਤਾ ਹੈ, ਤਾਂ ਜੋ ਇਹ ਪ੍ਰਭਾਵ ਬਣਾਇਆ ਜਾ ਸਕੇ ਕਿ ਤੁਸੀਂ ਇਨਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਇਹ ਅਸਲ ਵਿੱਚ ਕੁਝ ਵੀ ਕਰਨ ਵਾਲੇ ਨਹੀਂ ਹਨ।
ਵੜਿੰਗ ਨੇ ਕਿਹਾ ਕਿ ਪਹਿਲਾਂ ਆਪ ਸਰਕਾਰ ਨੇ ਜਾਣਬੁੱਝ ਕੇ ਬੇਅਦਬੀ ਦੇ ਮੁੱਦੇ ਨੂੰ ਠੰਢੇ ਬਸਤੇ ਵਿੱਚ ਪਾਇਆ ਰੱਖਿਆ ਅਤੇ ਹੁਣ ਇਸਨੂੰ ਸਿਰਫ਼ ਉਸ ਵੇਲੇ ਦੁਬਾਰਾ ਖੋਲ੍ਹਿਆ ਹੈ, ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ "ਗੁਰੂ ਦੋਖੀ" ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇਹ ਮੰਨਣ ਦੇ ਪੁਖਤਾ ਕਾਰਨ ਹਨ ਕਿ ਆਪ ਸਰਕਾਰ ਅਕਾਲੀਆਂ ਨਾਲ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸੇ ਲਈ ਉਹ ਉਸਦੀ ਦੀ ਲੀਡਰਸ਼ਿਪ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਹੀਂ ਤਾਂ, ਇਨ੍ਹਾਂ ਦਾ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਕਰਨ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਅਜਿਹਾ ਇਰਾਦਾ ਹੁੰਦਾ, ਤਾਂ ਆਪਣੇ ਹੀ ਵਾਅਦੇ ਅਨੁਸਾਰ 24 ਘੰਟਿਆਂ ਦੇ ਅੰਦਰ ਇਹ ਕੰਮ ਕਾਫ਼ੀ ਪਹਿਲਾਂ ਕਰ ਚੁੱਕੇ ਹੁੰਦੇ।

Comments
Post a Comment