24 ਸਾਲਾਂ ਤੋਂ ਆਪਣੇ ਪਲਾਟ ਨੂੰ ਲੱਭਦਾ ਫਿਰ ਰਿਹਾ 75 ਸਾਲਾਂ ਬਜ਼ੁਰਗ ਸੁਰਜੀਤ ਸਿੰਘ ਖਾ ਰਿਹਾ ਦਫਤਰਾਂ ਦੇ ਧੱਕੇ
ਇੱਕ ਨਾਮਵਰ ਬਿਲਡਰ ਨੇ ਲੋਕਾਂ ਨਾਲ ਕੀਤਾ ਧੋਖਾ, ਸ਼ਾਲੀਮਾਰ ਇਨਕਲੇਵ ਜ਼ੀਰਕਪੁਰ ਵਿੱਚ ਪਲਾਟ ਦੇਣ ਲਈ ਰਕਮ ਲੈ ਲਈ, ਪਰ ਪਲਾਟ ਨਹੀਂ ਦਿੱਤੇ
ਮਨਿੰਦਰਦੀਪ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਫੜਕੇ ਇਸੇ ਸੁਸਾਇਟੀ ਚ ਲਿਆ ਪਲਾਟ, ਪਰ ਉਸ ਨੂੰ ਮਿਲੇ ਸਿਰਫ ਕਾਗਜ਼, ਪਲਾਟ ਅੱਜ ਤੱਕ ਨਹੀਂ ਲੱਭਿਆ
ਜੇਕਰ ਉਪਰੋਕਤ ਪੀੜਤਾਂ ਨੂੰ 15 ਦਿਨਾਂ ਵਿੱਚ ਨਾ ਮਿਲਿਆ ਇਨਸਾਫ ਤਾਂ ਪਰਿਵਾਰਾਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ ਡੀਸੀ ਮੋਹਾਲੀ ਦਾ ਘਿਰਾਓ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 1 ਅਕਤੂਬਰ ( ਰਣਜੀਤ ਧਾਲੀਵਾਲ ) : ਮੋਹਾਲੀ ਜ਼ਿਲ੍ਹੇ ਦੀਆਂ ਜਮੀਨਾਂ ਦੇ ਰੇਟ ਵਧਣ ਕਰਕੇ ਇੱਥੇ ਧੋਖਾਧੜੀ ਵੀ ਬਹੁਤ ਵੱਧ ਗਈ ਹੈ। ਜਿਸ ਕਰਕੇ ਕਈ ਗਰੀਬ ਪਰਿਵਾਰ ਆਪਣੀਆਂ ਜਮੀਨਾਂ ਆਪਣੇ ਪਲਾਟ ਲੱਭਦੇ ਅਕਸਰ ਦਫਤਰਾਂ ਵਿੱਚ ਧੱਕੇ ਖਾ ਰਹੇ ਹਨ, ਪਰ ਸਾਰੀ ਮਿਲੀਭੁਗਤ ਕਾਰਨ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ। ਅਖੀਰ ਪੀੜਤ ਪਰਿਵਾਰ ਦੁਖੀ ਹੋ ਕੇ ਸਮਾਜ ਸੇਵੀਆਂ ਨਾਲ ਲੈ ਕੇ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਹਨ। ਇਸੇ ਨਾਲ ਮੇਲ ਖਾਂਦਾ ਇੱਕ ਮਾਮਲਾ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਆਇਆ। ਜਿਸ ਵਿੱਚ ਇੱਕ 75 ਸਾਲਾ ਬਜ਼ੁਰਗ ਸਰਜੀਤ ਸਿੰਘ ਜਿਸ ਨੇ 24 ਸਾਲ ਪਹਿਲੇ ਪ੍ਰੇਮ ਚੰਦ ਸਿੰਗਲਾ ਬਿਲਡਰ ਕੋਲੋਂ ਸ਼ਾਲੀਮਾਰ ਇਨਕਲੇਵ ਸੋਸਾਇਟੀ ਵਿੱਚ ਇੱਕ ਪਲਾਟ ਲਿਆ ਸੀ ਤੇ ਉਸਦੀ ਪੂਰੀ ਪੇਮੈਂਟ ਕਰਕੇ ਰਜਿਸਟਰੀ ਵੀ ਕਰਵਾਈ ਤੇ ਇਸ ਪਲਾਟ ਨੂੰ ਲੈਣ ਲਈ ਉਹਨਾਂ ਨੇ ਬੈਂਕ ਕੋਲੋਂ ਕਰਜਾ ਵੀ ਲਿਆ ਸੀ। ਉਨ੍ਹਾਂ ਨੇ ਬੈਂਕ ਲੋਨ ਵੀ ਕਲੀਅਰ ਕੀਤਾ, ਰਜਿਸਟਰੀ ਹੋ ਗਈ, ਸਭ ਕੁਝ ਹੋਇਆ ਪਰ ਉਹਨਾਂ ਨੂੰ 24 ਸਾਲਾਂ ਦੇ ਵਿੱਚ ਆਪਣਾ ਪਲਾਟ ਨਹੀਂ ਮਿਲਿਆ, ਆਪਣੇ ਪਲਾਟ ਉੱਤੇ ਕਬਜ਼ਾ ਨਹੀਂ ਮਿਲਿਆ। ਜਿਸ ਦੇ ਲਈ ਉਹਨਾਂ ਨੇ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ, ਮੁੱਖ ਮੰਤਰੀ ਪੰਜਾਬ ਤੱਕ ਵੀ ਦਰਖਾਸਤ ਭੇਜੀਆਂ। ਪਰ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।
ਅਖੀਰ ਉਹਨਾਂ ਨੇ ਅੱਜ ਐਸ ਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਉਪਰੋਕਤ ਦੁਖੜੇ ਬਿਆਨ ਕੀਤੇ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਜਲਦ ਇਨਸਾਫ ਦੀ ਮੰਗ ਕੀਤੀ। ਇੱਥੇ ਇਹ ਦੱਸਣਯੋਗ ਹੈ ਕਿ ਇਸ ਪਲਾਟ ਨੂੰ ਲੈਣ ਲਈ ਸੁਰਜੀਤ ਸਿੰਘ ਨੇ ਆਪਣਾ ਪੁਰਾਣਾ ਮਕਾਨ ਵੀ ਵੇਚਿਆ। ਪਰ ਨਾ ਉਹਨਾਂ ਨੂੰ ਪਲਾਟ ਮਿਲਿਆ ਤੇ ਅੱਜ ਤੱਕ ਉਹ ਕਿਰਾਏ ਦੇ ਮਕਾਨ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਹਨਾਂ ਦੁਖੀ ਮਨ ਨਾਲ ਦੱਸਿਆ ਕਿ ਇਸ ਪਲਾਟ ਨੂੰ ਉਡੀਕਦੇ ਉਡੀਕਦੇ ਉਨ੍ਹਾਂ ਦੀ ਘਰਵਾਲੀ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਉਨਾਂ ਨੇ ਇੱਕ ਹੋਰ ਆਪਣੇ ਨਾਲ ਹੋਈ ਠੱਗੀ ਬਾਰੇ ਵੀ ਪ੍ਰੈਸ ਨੂੰ ਦੱਸਿਆ ਕਿ ਕਿਵੇਂ ਉਹਨਾਂ ਦਾ ਇੱਕ ਦੋਸਤ ਸ਼ਿਵ ਕੁਮਾਰ ਵਾਸੀ ਸ਼ਾਲੀਮਾਰ ਇਨਕਲੇਵ ਜ਼ੀਰਕਪੁਰ ਨੇ ਉਹਨਾਂ ਦੇ ਨਾਲ ਫਰਾਡ ਕਰਕੇ ਤੇ ਉਹਨਾਂ ਕੋਲ ਜੋ ਨਕਦੀ 16 ਲੱਖ ਰੁਪਏ ਸਨ, ਲੈ ਕੇ ਰਫੂ ਚੱਕਰ ਹੋ ਗਿਆ ਤੇ ਅੱਜ ਤੱਕ ਉਹ ਉਸ ਵੱਲੋਂ ਦਿੱਤੇ ਗਏ ਇੱਕ ਪੇਪਰ ਨੂੰ ਲੈ ਕੇ ਘੁੰਮ ਰਹੇ ਹਨ। ਪੀੜਤ ਪੀੜਿਤ ਬਜ਼ੁਰਗ ਨੇ ਕਿਹਾ ਕਿ 24 ਸਾਲਾਂ ਦੇ ਵਿੱਚ ਕਈ ਸਰਕਾਰਾਂ ਬਦਲੀਆਂ, ਕਈ ਅਫਸਰ ਬਦਲੇ ਪਰ ਸਾਡੇ ਵੱਲੋਂ ਦਿੱਤੀ ਗਈਆਂ ਦਰਖਾਸਤਤਾਂ ਦੇ ਉੱਪਰੋਂ ਧੂੜ ਨਹੀਂ ਉਤਰੀ, ਨਾਹੀ ਕੋਈ ਕਾਰਵਾਈ ਹੋਈ, ਨਾ ਸਾਨੂੰ ਪਲਾਟ ਮਿਲੇ। ਉਪਰੋਕਤ ਕਹਾਣੀ ਨਾਲ ਮੇਲ ਖਾਂਦੀ ਇੱਕ ਹੋਰ ਸਾਹਮਣੇ ਆਈ। ਮਨਿੰਦਰਦੀਪ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਫੜਕੇ ਇਸੇ ਸੁਸਾਇਟੀ ਵਿੱਚ ਪਲਾਟ ਲਿਆ, ਪਰ ਉਸਦੀ ਰਜਿਸਟਰੀ ਹੋ ਗਈ ਪਰ ਸਿਰਫ ਕਾਗਜ਼ ਹੀ ਉਸ ਕੋਲ ਹਨ, ਪਲਾਟ ਅੱਜ ਤੱਕ ਨਹੀਂ ਲੱਭਿਆ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਏ ਦਿਨ ਜਮੀਨਾਂ ਸਬੰਧੀ ਧੋਖਾ ਧੜੀ ਦੇ ਮਾਮਲੇ ਸਾਡੇ ਮੋਰਚੇ ਤੇ ਆਉਂਦੇ ਰਹਿੰਦੇ ਹਨ ਤੇ ਅਸੀਂ ਉਸ ਦੀ ਆਵਾਜ਼ ਵੀ ਉਠਾਉਂਦੇ ਹਾਂ। ਪਰ ਪ੍ਰਸ਼ਾਸਨ ਨਾਲ ਮਿਲੀ ਭੁਗਤ ਹੋਣ ਕਾਰਨ ਕੋਈ ਢੁਕਵੀਂ ਕਾਰਵਾਈ ਨਹੀਂ ਕਰ ਪਾਉਂਦਾ। ਜਿਸ ਕਾਰਨ ਇਹਨਾਂ ਧੋਖੇਬਾਜ ਬਿਲਡਰਾਂ ਦੇ ਹੌਸਲੇ ਬੁਲੰਦ ਹਨ ਤੇ ਇਹ ਆਮ ਗਰੀਬ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜੋਰੀਆਂ ਭਰ ਰਹੇ ਹਨ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਤੇ ਉਸ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤਾਂ ਅਸੀਂ ਸਮੂਹ ਪਰਿਵਾਰਾਂ ਨੂੰ ਨਾਲ ਲੈ ਕੇ ਅਤੇ ਮੋਰਚੇ ਦੇ ਸਮੂਹ ਮੈਂਬਰ ਸਾਹਿਬਾਨ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੀਏਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਮੋਹਾਲੀ ਦਾ ਘਿਰਾਓ ਕਰਾਂਗੇ। ਪ੍ਰਧਾਨ ਕੁੰਭੜਾ ਨੇ ਇਸ ਬਿਲਡਰ ਨਾਲ ਸੰਬੰਧਿਤ ਪੀੜਿਤ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਆਪਣੇ ਦਸਤਾਵੇਜ਼ ਆਪਣੇ ਸਬੂਤ ਨਾਲ ਲੈ ਕੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਸਾਰੇ ਮਿਲਕੇ ਇਸ ਧੋਖੇਬਾਜ ਬਿਲਡਰ ਤੇ ਕਾਰਵਾਈ ਕਰਵਾ ਸਕੀਏ। ਇਸ ਮੌਕੇ ਆਪੁ ਲਾਭ ਸਿੰਘ, ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਸੰਦੀਪ ਸਿੰਘ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਕੌਰ, ਨੀਲਮ, ਬੱਬਲ ਚੌਪੜਾ ਆਦਿ ਹਾਜ਼ਰ ਹੋਏ।

Comments
Post a Comment