ਕਣਕ ਦੀ ਐੱਮ.ਐੱਸ.ਪੀ. ਵਿੱਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ, ਲਾਹੇਵੰਦ ਭਾਅ ਤੋਂ ਬਿਨਾਂ ਕਿਸਾਨੀ ਨਹੀਂ ਬਚ ਸਕਦੀ : ਹਰਿੰਦਰ ਸਿੰਘ ਲੱਖੋਵਾਲ
ਕਣਕ ਦੀ ਐੱਮ.ਐੱਸ.ਪੀ. ਵਿੱਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ, ਲਾਹੇਵੰਦ ਭਾਅ ਤੋਂ ਬਿਨਾਂ ਕਿਸਾਨੀ ਨਹੀਂ ਬਚ ਸਕਦੀ : ਹਰਿੰਦਰ ਸਿੰਘ ਲੱਖੋਵਾਲ
ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕੇਂਦਰ ਸਰਕਾਰ ਵੱਲੋਂ ਕਣਕ ਸਮੇਤ ਹਾੜ੍ਹੀ ਦੀਆਂ ਫ਼ਸਲਾਂ ਦੀ ਐੱਮ.ਐੱਸ.ਪੀ. ਸਬੰਧੀ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਧੋਖਾ ਅਤੇ ਕੋਝਾ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਖੇਤੀ ਲਾਗਤਾਂ ਵਿੱਚ ਲਗਾਤਾਰ ਵਾਧਾ ਹੋਣ ਦੇ ਬਾਵਜੂਦ ਕਣਕ ਦੀ ਫ਼ਸਲ ਲਈ ਐੱਮ.ਐੱਸ.ਪੀ. ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਦੀਆਂ ਉਮੀਦਾਂ ਅਤੇ ਲੋੜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਕਣਕ ਦੀ ਐੱਮ.ਐੱਸ.ਪੀ. 2027-28 ਜੋ ਕਣਕ ਦੇ ਭਾਅ ਵਿੱਚ 25 ਰੁਪਏ ਪ੍ਰਤੀ ਕੁਇੰਟਲ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਉਹ ਸਿਰਫ ਤੇ ਸਿਰਫ ਤਕਰੀਬਨ 1% ਵਾਧਾ ਹੈ ਜੋ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ ।
ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਡੀਜ਼ਲ, ਖਾਦਾਂ, ਬੀਜਾਂ, ਦਵਾਈਆਂ, ਮਸ਼ੀਨਰੀ, ਮਜ਼ਦੂਰੀ ਅਤੇ ਸਿੰਚਾਈ ਸਮੇਤ ਖੇਤੀ ਦੇ ਹਰ ਖ਼ਰਚੇ ਵਿੱਚ ਹਰ ਵਾਰ ਤਕਰੀਬਨ 30 ਤੋਂ 35% ਵਾਧਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਸਿਰਫ਼ ਅੰਕੜਿਆਂ ਵਿੱਚ ਵਾਧਾ ਨਹੀਂ, ਸਗੋਂ ਉਨ੍ਹਾਂ ਦੀ ਅਸਲ ਲਾਗਤ ਦੇ ਅਨੁਸਾਰ ਲਾਹੇਵੰਦ ਭਾਅ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਟਿਕਾਊ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਜੇਕਰ ਫ਼ਸਲਾਂ ਦੇ ਭਾਅ ਲਾਗਤ ਅਤੇ ਕਿਸਾਨ ਦੀ ਮਿਹਨਤ ਦੇ ਮੁਤਾਬਕ ਨਹੀਂ ਮਿਲਦੇ ਤਾਂ ਕਿਸਾਨੀ ਸੰਕਟ ਹੋਰ ਡੂੰਘਾ ਹੋਵੇਗਾ।
ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਕਣਕ ਦੀ ਐੱਮ.ਐੱਸ.ਪੀ. ਵਿੱਚ ਕੀਤਾ ਇਹ ਵਾਧਾ ਮਨਜ਼ੂਰ ਨਹੀਂ। ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਐੱਮ.ਐੱਸ.ਪੀ. ਤੈਅ ਕਰਨ ਦੀ ਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਅਜਿਹਾ ਭਾਅ ਯਕੀਨੀ ਬਣਾਉਣਾ ਚਾਹੀਦਾ ਹੈ ਜਿਸ ਨਾਲ ਖੇਤੀ ਖ਼ਰਚੇ ਪੂਰੇ ਹੋਣ ਅਤੇ ਕਿਸਾਨ ਨੂੰ ਉਸ ਦੀ ਮਿਹਨਤ ਦਾ ਵਾਜਬ ਮੁਨਾਫ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਅਤੇ ਖੇਤੀ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਿਰਫ਼ ਐਲਾਨ ਨਹੀਂ, ਸਗੋਂ ਫ਼ਸਲਾਂ ਦੀ ਲਾਹੇਵੰਦ ਐੱਮ.ਐੱਸ.ਪੀ. ਅਤੇ ਉਸ ’ਤੇ ਪੱਕੀ ਖਰੀਦ ਦੀ ਗਾਰੰਟੀ ਜ਼ਰੂਰੀ ਹੈ।

Comments
Post a Comment