ਉੱਘੇ ਗੀਤਕਾਰ "ਗਿੱਲ ਰੌਂਤਾ" ਅਕਾਲੀ ਦਲ "ਵਾਰਿਸ ਪੰਜਾਬ ਦੇ" ਵਿੱਚ ਸ਼ਾਮਲ
ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ, ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਕੀਤੀ ਸ਼ਮੂਲੀਅਤ
ਐਸ.ਏ.ਐਸ.ਨਗਰ 3 ਅਕਤੂਬਰ ( ਰਣਜੀਤ ਧਾਲੀਵਾਲ ) ਪੰਜਾਬੀ ਸੰਗੀਤ ਜਗਤ ਦੀ ਉੱਘੀ ਸ਼ਖ਼ਸੀਅਤ ਗੁਰਬਿੰਦਰ ਸਿੰਘ "ਗਿੱਲ ਰੌਂਤਾ" ਨੇ ਅੱਜ ਰਸਮੀ ਤੌਰ ਤੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਵਿੱਚ ਸ਼ਮੂਲੀਅਤ ਕੀਤੀ। ਮੁਹਾਲੀ ਸਥਿਤ ਪਾਰਟੀ ਦਫਤਰ ਵਿਖੇ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ, ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਫਰੀਦਕੋਟ ਤੋ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਗਿੱਲ ਰੌਂਤਾ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਆਪਣੀ ਸ਼ਮੂਲੀਅਤ ਮੌਕੇ ਗਿੱਲ ਰੌਂਤਾ ਨੇ ਕਿਹਾ ਕਿ, ਅੱਜ ਪੰਜਾਬ ਇੱਕ ਸੁਹਿਰਦ ਖੇਤਰੀ ਰਾਜਸੀ ਧਿਰ ਵੱਲ ਵੇਖ ਰਿਹਾ ਹੈ। ਅਕਾਲੀ ਦਲ "ਵਾਰਿਸ ਪੰਜਾਬ ਦੇ" ਦਾ ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਏਜੰਡਾ ਸਾਫ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਜੱਥੇਬੰਦੀ ਦਾ ਹਿੱਸਾ ਬਣਨਗੇ। ਓਹਨਾ ਕਿਹਾ ਕਿ ਪਾਰਟੀ ਜਿਹੜੀ ਵੀ ਓਹਨਾ ਨੂੰ ਸੇਵਾ ਦੇਵੇਗੀ ਓਹ ਪੂਰਨ ਇਮਾਨਦਾਰੀ ਅਤੇ ਤਨਦੇਹੀ ਨਾਲ ਉਸ ਨੂੰ ਨਿਭਾਉਣਗੇ।
ਇਸ ਮੌਕੇ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਜਿੱਥੇ ਗਿੱਲ ਰੌਂਤਾ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਉਥੇ ਹੀ ਪੰਜਾਬ ਪ੍ਰਸਤ ਨੌਜਵਾਨਾਂ ਨੂੰ ਅਪੀਲ ਕੀਤੀ ਓਹ ਆਪਣੀ ਵਾਰਿਸ ਜੱਥੇਬੰਦੀ ਦਾ ਹਿੱਸਾ ਬਣਨ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਪਾਰਟੀ ਦਾ ਹਿੱਸਾ ਬਣ ਰਹੇ ਹਨ, ਨੌਜਵਾਨ ਵਰਗ ਦਾ ਮਿਲ ਰਿਹਾ ਸਮਰਥਨ ਸਾਬਿਤ ਕਰਦਾ ਹੈ ਕਿ ਪੰਜਾਬ ਦਾ ਨੌਜਵਾਨ ਆਪਣਾ ਸਿਆਸੀ ਫੈਸਲਾ ਕਰ ਚੁੱਕਾ ਹੈ । ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਗਿੱਲ ਰੌਂਤਾ ਦਾ ਜੱਥੇਬੰਦੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ, ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ। ਪੰਜਾਬ ਦਾ ਭਵਿੱਖ ਨੌਜਵਾਨਾਂ ਦੇ ਹੱਥ ਵਿੱਚ ਹੈ। ਇਯਾਲੀ ਨੇ ਕਿਹਾ ਕਿ ਅੱਜ ਹਰ ਵਰਗ ਤੋ ਵੱਡੀ ਗਿਣਤੀ ਵਿੱਚ ਨੌਜਵਾਨ ਜੱਥੇਬੰਦੀ ਦਾ ਹਿੱਸਾ ਬਣ ਰਹੇ ਹਨ। ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਦਿਸ਼ਾ ਹੀਣ ਹੋ ਚੁੱਕਾ ਹੈ। ਨੌਜਵਾਨ ਵਰਗ ਅੱਗੇ ਆ ਕੇ ਪੰਜਾਬ ਦੀ ਸੁਹਰਿਦ ਅਗਵਾਈ ਕਰੇ।
ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ਗਿੱਲ ਰੌਂਤਾ ਵਰਗੇ ਨੌਜਵਾਨਾਂ ਦਾ ਜੱਥੇਬੰਦੀ ਦਾ ਹਿੱਸਾ ਬਣਨਾ, ਪਾਰਟੀ ਦੀਆਂ ਨੀਤੀਆਂ ਤੇ ਲੱਗ ਰਹੀ ਮੋਹਰ ਹੈ। ਵੱਖ ਵੱਖ ਵਰਗਾਂ ਅਤੇ ਖੇਤਰਾਂ ਨਾਲ ਜੁੜੀਆਂ ਅਹਿਮ ਸਖਸ਼ੀਅਤਾਂ ਦਾ ਜੱਥੇਬੰਦੀ ਵਿੱਚ ਸ਼ਾਮਲ ਹੋਣਾ, ਸਾਫ ਕਰਦਾ ਹੈ ਕਿ ਲੋਕ ਪਾਰਟੀ ਨੀਤੀਆਂ ਨਾਲ ਸਹਿਮਤੀ ਜਤਾਉਂਦੇ ਹੋਏ, ਆਪਣੀ ਸਿਆਸੀ ਦਿਸ਼ਾ ਅਤੇ ਦਸ਼ਾ ਨੂੰ ਤੈਅ ਕਰ ਰਹੇ ਹਨ। ਇਸ ਮੌਕੇ ਕਾਬਲ ਸਿੰਘ (ਕਨਵੀਨਰ ਪਾਰਲੀਮੈਂਟਰੀ ਬੋਰਡ), ਬਾਬੂ ਸਿੰਘ ਬਰਾੜ (ਮੈਂਬਰ ਪਾਰਲੀਮੈਂਟਰੀ ਬੋਰਡ), ਸੁਖਵਿੰਦਰ ਸਿੰਘ ਅਗਵਾਨ (ਮੈਂਬਰ ਪਾਰਲੀਮੈਂਟਰੀ ਬੋਰਡ), ਪਰਗਟ ਸਿੰਘ ਸੰਧੂ (ਮੈਂਬਰ ਪਾਰਲੀਮੈਂਟਰੀ ਬੋਰਡ), ਅਮਰਜੀਤ ਸਿੰਘ ਵੰਨਚਿੜੀ (ਮੈਂਬਰ ਪੰਚ ਪ੍ਰਧਾਨੀ), ਹਰਪ੍ਰੀਤ ਕੌਰ (ਪ੍ਰਧਾਨ ਮਹਿਲਾ ਵਿੰਗ), ਜਗਦੀਪ ਸਿੰਘ ਕੰਸਾਲਾ (ਜ਼ਿਲ੍ਹਾ ਪ੍ਰਧਾਨ ਮੋਹਾਲੀ), ਦਲੇਰ ਸਿੰਘ ਡੋਡ (ਮੈਂਬਰ ਪੀ.ਏ.ਸੀ.), ਸੰਦੀਪ ਸਿੰਘ ਰੁਪਾਲੋਂ (ਬੁਲਾਰਾ), ਕਰਨਵੀਰ ਸਿੰਘ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਪਧਰੀ (ਮੀਡੀਆ ਇੰਚਾਰਜ), ਹਰਜਿੰਦਰ ਸਿੰਘ ਦੇਸੁਮਾਜਰਾ (ਜ਼ਿਲ੍ਹਾ ਯੂਥ ਪ੍ਰਧਾਨ), ਜਸਵਿੰਦਰ ਸਿੰਘ ਡਰੋਲੀ (ਜ਼ਿਲ੍ਹਾ ਪ੍ਰਧਾਨ ਪਟਿਆਲਾ), ਨਿਰਮੈਲ ਸਿੰਘ ਜੌਲਾ (ਮੈਂਬਰ ਐੱਸ.ਜੀ.ਪੀ.ਸੀ.), ਗੁਰਪ੍ਰੀਤ ਸਿੰਘ ਭੱਟੀ, ਸਰਬਜੀਤ ਸਿੰਘ ਬੈਂਸ (ਕੋਆਰਡੀਨੇਟਰ ਰੋਪੜ), ਹਰਜਿੰਦਰ ਸਿੰਘ ਮੁਧੋ ਅਤੇ ਗੁਰਮੀਤ ਸਿੰਘ ਸ਼ਾਂਟੂ ਸਮੇਤ ਪੁਆਧ ਤੋਂ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।

Comments
Post a Comment