ਪੰਜਾਬ ਵਿੱਚ ਖੁੱਲ੍ਹੇਆਮ ਵਿਕ ਰਹੇ ਨਸ਼ੇ ਨੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਦੀ ਖੋਲ੍ਹੀ ਪੋਲ
“ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਖੁੱਲ੍ਹੇਆਮ ਵਿਕ ਰਿਹਾ ਨਸ਼ਾ” — ਕਾਬਲ ਸਿੰਘ ਮੰਡੋਫਲ
ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਫੜਵਾਉਣ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ SCBC ਮੋਰਚਾ ਦੇਵੇਗਾ ₹11,000 ਦਾ ਨਕਦ ਇਨਾਮ : ਬਲਵਿੰਦਰ ਸਿੰਘ ਕੁੰਭੜਾ
ਐਸ.ਏ.ਐਸ.ਨਗਰ 19 ਅਕਤੂਬਰ ( ਰਣਜੀਤ ਧਾਲੀਵਾਲ ) : ਫੇਜ਼-7 ਦੀਆਂ ਲਾਈਟਾਂ ਨੇੜੇ ਚੱਲ ਰਹੇ SCBC ਮਹਾਂ ਪੰਚਾਇਤ ਪੰਜਾਬ ਦੇ ਮੋਰਚੇ ਦੌਰਾਨ 19 ਅਕਤੂਬਰ 2026 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੰਡੋਫਲ ਵਾਸੀ ਕਾਬਲ ਸਿੰਘ ਨੇ ਆਪਣੀ ਆਪਬੀਤੀ ਸਾਂਝੀ ਕੀਤੀ। ਕਾਬਲ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਚੁੱਕਾ ਹੈ ਅਤੇ ਪਿੱਛੇ ਤਿੰਨ ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਦੂਜਾ ਪੁੱਤਰ ਵੀ ਨਸ਼ੇ ਦਾ ਆਦੀ ਹੋ ਚੁੱਕਾ ਹੈ, ਜਿਸ ਕਾਰਨ ਹੁਣ ਉਸ ਨੂੰ ਆਪਣੇ ਦੂਜੇ ਪੁੱਤਰ ਦੀ ਜ਼ਿੰਦਗੀ ਦੀ ਵੀ ਚਿੰਤਾ ਸਤਾ ਰਹੀ ਹੈ।
ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ, DGP ਪੰਜਾਬ, SSP ਫਤਿਹਗੜ੍ਹ ਸਾਹਿਬ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਪੁਲਿਸ ਨਾਲ ਰੰਜਿਸ਼ ਪੈਦਾ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਹੀ ਝੂਠਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਵੀ ਉਨ੍ਹਾਂ ਨੇ ਆਪਣੀ ਆਵਾਜ਼ ਬੰਦ ਨਹੀਂ ਕੀਤੀ ਅਤੇ ਨਸ਼ਿਆਂ ਸਬੰਧੀ ਆਪਣੀ ਗੱਲ ਮਾਣਯੋਗ ਅਦਾਲਤ ਦੇ ਜੱਜ ਸਾਹਿਬ ਦੇ ਸਾਹਮਣੇ ਰੱਖੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਜੇਲ੍ਹ ਵਿੱਚੋਂ ਮਿਲੇ ਨਸ਼ੇ ਨੂੰ ਸਬੂਤ ਵਜੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਕਿਸੇ ਵੀ ਪੱਧਰ ’ਤੇ ਸੁਣਵਾਈ ਨਾ ਹੋਣ ਦਾ ਦੋਸ਼ ਲਗਾਇਆ।
ਕਾਬਲ ਸਿੰਘ ਨੇ ਕਿਹਾ ਕਿ ਮਾਨਸਾ ਵਿੱਚ ਪਰਵਿੰਦਰ ਝੋਟਾ ਦੇ ਕਤਲ ਵਰਗੀਆਂ ਘਟਨਾਵਾਂ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਸਵਾਲ ਕੀਤਾ ਕਿ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਕੱਠੇ ਹੋ ਕੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਇੱਕ-ਦੂਜੇ ’ਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਇਸ ਮੌਕੇ SCBC ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਹੋਰ ਮੋਰਚਾ ਆਗੂਆਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਦੇਖਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਜਾਂ ਨਸ਼ਾ ਵੇਚਣ ਵਾਲਿਆਂ ਬਾਰੇ ਠੋਸ ਸਬੂਤਾਂ ਸਮੇਤ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਮੋਰਚੇ ਵੱਲੋਂ ₹11,000 ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਬਲਵਿੰਦਰ ਸਿੰਘ ਕੁੰਭੜਾ ਨੇ ਆਪਣਾ ਸੰਪਰਕ ਨੰਬਰ 9316116455 ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਠੋਸ ਜਾਣਕਾਰੀ ਹੋਣ ’ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਪਵੇਗਾ ਅਤੇ ਇਸ ਗੰਭੀਰ ਮੁੱਦੇ ਖ਼ਿਲਾਫ਼ ਮਿਲ ਕੇ ਆਵਾਜ਼ ਬੁਲੰਦ ਕਰਨੀ ਪਵੇਗੀ। “ਆਓ, ਪੰਜਾਬ ਦੇ ਲੋਕ ਜਾਗਣ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕੱਠੇ ਹੋਈਏ।” ਇਸ ਮੌਕੇ ਅਸਟਰ ਬਨਵਾਰੀ ਲਾਲ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ, ਨਰਿੰਦਰ ਪਾਲ, ਬੀਬੀ ਪਰਮਜੀਤ ਕੌਰ, ਬੀਬੀ ਗੁਰਮੀਤ ਕੌਰ, ਹਰਪਿੰਦਰ ਕੌਰ ਅਤੇ ਮਨਦੀਪ ਸਿੰਘ ਕੁੰਭੜਾ ਸਮੇਤ ਹੋਰ ਮੋਰਚਾ ਆਗੂ ਅਤੇ ਸਮਰਥਕ ਹਾਜ਼ਰ ਸਨ।

Comments
Post a Comment