ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਦੀ ਨਵੀਂ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ, ਬਬੀਤਾ ਰਾਵਤ ਸੱਤਵੀਂ ਵਾਰ ਪ੍ਰਧਾਨ ਚੁਣੇ ਗਏ
ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਦੀ ਨਵੀਂ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ, ਬਬੀਤਾ ਰਾਵਤ ਸੱਤਵੀਂ ਵਾਰ ਪ੍ਰਧਾਨ ਚੁਣੇ ਗਏ
ਚੰਡੀਗੜ੍ਹ 12 ਅਕਤੂਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ, ਜੋ ਜੀ.ਐਮ.ਐਸ.ਐਚ.-16 ਅਤੇ ਚੰਡੀਗੜ੍ਹ ਦੇ ਸੰਬੰਧਿਤ ਸਿਹਤ ਸੰਸਥਾਨਾਂ ਵਿੱਚ ਕੰਮ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਦੇ ਹਿੱਤਾਂ ਲਈ ਕਾਰਜਸ਼ੀਲ ਹੈ, ਦੀ ਸਾਲਾਨਾ ਚੋਣ ਪ੍ਰਕਿਰਿਆ ਮਿਤੀ 11 ਅਕਤੂਬਰ 2026 ਨੂੰ ਸੈਕਟਰ-16, ਚੰਡੀਗੜ੍ਹ ਵਿਖੇ ਸੰਪੰਨ ਹੋਈ। ਇਸ ਦੌਰਾਨ ਸਾਰੇ ਅਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਚੋਣ ਦਾ ਮੁੱਖ ਆਕਰਸ਼ਣ ਬਬੀਤਾ ਰਾਵਤ ਦਾ ਸੱਤਵੀਂ ਵਾਰ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾਲ ਬਿਨਾਂ ਮੁਕਾਬਲੇ ਚੁਣਿਆ ਜਾਣਾ ਰਿਹਾ। ਇਹ ਉਨ੍ਹਾਂ ਪ੍ਰਤੀ ਕਰਮਚਾਰੀਆਂ ਦੇ ਲਗਾਤਾਰ ਵਿਸ਼ਵਾਸ, ਸਮਰਥਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਅਗਵਾਈ ਹੇਠ ਕਰਮਚਾਰੀਆਂ ਨੂੰ ਉਮੀਦ ਹੈ ਕਿ ਸੰਘ ਹੋਰ ਮਜ਼ਬੂਤੀ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਏਗਾ ਅਤੇ ਲੰਬਿਤ ਮੰਗਾਂ ਨੂੰ ਪੂਰਾ ਕਰਵਾਉਣ ਲਈ ਪ੍ਰਭਾਵਸ਼ਾਲੀ ਯਤਨ ਕਰੇਗਾ।
ਨਵੀਂ ਕਾਰਜਕਾਰਨੀ ਵਿੱਚ ਵਿਜੇ ਕੁਮਾਰ ਨੂੰ ਚੇਅਰਮੈਨ ਅਤੇ ਬਬੀਤਾ ਰਾਵਤ ਨੂੰ ਪ੍ਰਧਾਨ ਚੁਣਿਆ ਗਿਆ। ਹੋਰ ਅਹੁਦੇਦਾਰਾਂ ਵਿੱਚ ਪਰਮਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਮਹਾਵੀਰ ਸਿੰਘ ਨੂੰ ਮੀਤ ਪ੍ਰਧਾਨ, ਅਮਿਤ ਕੁਮਾਰ ਨੂੰ ਜਨਰਲ ਸਕੱਤਰ ਅਤੇ ਨਿਰੰਜਨ ਕੁਮਾਰ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ, ਇਕਬਾਲ ਸਿੰਘ ਅਤੇ ਕੁਸੁਮ ਨੂੰ ਖ਼ਜ਼ਾਨਚੀ, ਮੁਹੰਮਦ ਸਲੀਮ ਅਤੇ ਕੰਵਲਜੀਤ ਕੌਰ ਬਰਾੜ ਨੂੰ ਸਟੇਜ ਸਕੱਤਰ ਅਤੇ ਸ੍ਰੀ ਦੱਦਨ ਕੁਮਾਰ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਕਾਰਜਕਾਰਨੀ ਮੈਂਬਰਾਂ ਵਜੋਂ ਸੁਸ਼ਮਾ ਸ਼ਰਮਾ, ਪ੍ਰਿਯੰਕਾ, ਸ਼ੀਤਲ, ਸੋਨੀਆ ਦਹੀਆ, ਕਿਰਨ ਸ਼ਰਮਾ ਅਤੇ ਸ਼ਰਦ ਯਾਦਵ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ, ਸਲਾਹਕਾਰ ਕਮੇਟੀ ਵਿੱਚ ਨੀਤਿਕਾ, ਸੰਗੀਤਾ ਦੇਵੀ, ਅਨੀਤਾ ਭੱਟ ਅਤੇ ਜਸਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ।
ਨਵੀਂ ਚੁਣੀ ਗਈ ਕਾਰਜਕਾਰਨੀ ਦੇ ਸਾਹਮਣੇ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਪੂਰਾ ਕਰਵਾਉਣਾ ਮੁੱਖ ਤਰਜੀਹ ਹੋਵੇਗੀ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਵਿੱਤੀ ਸਾਲ 2025-26 ਅਤੇ 2026-27 ਦੇ ਲੰਬਿਤ ਤਨਖ਼ਾਹ ਵਾਧੇ (ਇੰਕਰੀਮੈਂਟ) ਅਤੇ ਬਕਾਏ (ਏਰੀਅਰ) ਦੀ ਅਦਾਇਗੀ, ਐਨ.ਐਚ.ਐਮ. ਕਰਮਚਾਰੀਆਂ ਦੀਆਂ ਤਨਖ਼ਾਹਾਂ ਨਾਲ ਸਬੰਧਤ ਵਿਸੰਗਤੀਆਂ ਦਾ ਹੱਲ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕਾਂ ਅਨੁਸਾਰ ਵਿੱਤੀ ਲਾਭ ਦਿਵਾਉਣਾ ਸ਼ਾਮਲ ਹੈ। ਸੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਮੂਹ ਕਰਮਚਾਰੀਆਂ ਦੇ ਸਾਂਝੇ ਸਹਿਯੋਗ, ਏਕਤਾ ਅਤੇ ਸਮਰਥਨ ਨਾਲ ਲੰਬਿਤ ਮੰਗਾਂ ਦੇ ਹੱਲ ਵੱਲ ਸਕਾਰਾਤਮਕ ਪ੍ਰਗਤੀ ਹੋਵੇਗੀ।

Comments
Post a Comment