ਸੀ ਪੀ ਆਈ ਐੱਮ ਵੱਲੋਂ ਪ੍ਰਦੂਸਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ
ਪੀ ਸੀ ਐੱਸ ਪ੍ਰੀਖਿਆ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ : ਕਾ: ਸੇਖੋਂ
ਬਠਿੰਡਾ/ਚੰਡੀਗੜ੍ਹ 7 ਨਵੰਬਰ ( ਰਣਜੀਤ ਧਾਲੀਵਾਲ ) : ਦੇਸ ਵਾਸੀ ਦੀਵਾਲੀ ਦੇ ਪਵਿੱਤਰ ਤੇ ਸਾਂਝੇ ਤਿਉਹਾਰ ਨੂੰ ਗਰੀਨ ਦੀਵਾਲੀ ਦੇ ਤੌਰ ਤੇ ਮਨਾਉਣ। ਇਹ ਸੱਦਾ ਦਿੰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੀਵਾਲੀ ਪਟਾਕੇ ਰਹਿਤ ਮਨਾਈ ਜਾਵੇ ਤਾਂ ਜੋ ਪ੍ਰਦੂਸ਼ਣ ਫੈਲਣ ਤੋਂ ਰੋਕਿਆ ਜਾ ਸਕੇ। ਕਾ: ਸੇਖੋਂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਦੂਸ਼ਣ ਰੋਕਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਸਖ਼ਤੀ ਕੀਤੀ ਜਾ ਰਹੀ ਹੈ, ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਪਰ ਪੂੰਜੀਪਤੀਆਂ ਨੂੰ ਦੀਵਾਲੀ ਮੌਕੇ ਪਟਾਕੇ ਵੇਚਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ, ਜਿਸ ਨਾਲ ਪਰਾਲੀ ਤੋਂ ਵੀ ਕਈ ਗੁਣਾਂ ਵੱਧ ਪ੍ਰਦੂਸਣ ਫੈਲਣ ਦਾ ਅਨੁਮਾਨ ਹੈ। ਉਹਨਾਂ ਗਰੀਨ ਟ੍ਰਿਬਿਊਨਲ ਨੂੰ ਵੀ ਇਸ ਮਾਮਲੇ ਤੇ ਧਿਆਨ ਦੇਣ ਦਾ ਸੁਝਾਅ ਦਿੱਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਟਾਕੇ ਨਾ ਚਲਾ ਕੇ ਗਰੀਨ ਦੀਵਾਲੀ ਮਨਾਉਂਦਿਆਂ ਖੁਸ਼ੀਆਂ ਸਾਂਝੀਆਂ ਕਰਨ।
ਕਾ: ਸੇਖੋਂ ਨੇ ਪੰਜਾਬ ਲੋਕ ਸੇਵਾ ਕਮਿਸਨ ਵੱਲੋਂ ਪੀ ਸੀ ਐੱਸ ਪ੍ਰੀਖਿਆ ਵਿੱਚ ਹੋਈ ਧਾਂਦਲੀ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਨਾਇਬ ਤਹਿਸੀਲਦਾਰ ਅਤੇ ਪੈਰਾ ਮੈਡੀਕਲ ਸਟਾਫ ਦੀ ਪ੍ਰੀਖਿਆ ਸਮੇਂ ਵੀੇ ਪੇਪਰ ਲੀਕ ਹੋਣ ਅਤੇ ਹੇਰਾਫੇਰੀ ਹੋਣ ਦੀ ਚਰਚਾ ਛਿੜੀ ਸੀ। ਹੁਣ ਪੀ ਸੀ ਐੱਸ ਪ੍ਰੀਖਿਆ ਦੇ ਨਤੀਜੇ ਵਿੱਚ ਹੇਰਾਫੇਰੀ ਹੋਣ ਦੇ ਸਪਸ਼ਟ ਸੰਕੇਤ ਮਿਲੇ ਹਨ। ਪ੍ਰੀਖਿਆ ਚੋਂ ਗੈਰ ਹਾਜਰ ਰਹੇ ਉਮੀਦਵਾਰਾਂ ਦੇ ਨਾਂ ਨਤੀਜਾ ਸੂਚੀ ਵਿੱਚ ਸ਼ਾਮਲ ਹੋਣਾ ਅਤੇ ਇੱਕੋ ਹਾਲ ਕਮਰੇ ਦੇ ਸਾਰੇ ਪ੍ਰੀਖਿਆਰਥੀਆਂ ਦਾ ਪਾਸ ਹੋਣਾ ਸੰਕਾ ਪ੍ਰਗਟ ਕਰਦੇ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਸੰਵਿਧਾਨਿਕ ਅਤੇ ਵੱਕਾਰੀ ਸੰਸਥਾ ਵਿੱਚ ਹੋ ਰਹੀ ਧਾਂਦਲੀ ਦੀ ਚਰਚਾ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਦੀ ਹੈ ਅਤੇ ਹੁਸ਼ਿਆਰ ਪ੍ਰੀਖਿਆਰਥੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ। ਕਾ: ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਇਸ ਮੁੱਦੇ ਬਾਰੇ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਤਿਉਹਾਰ ਲੋਕਾਂ ਵਿੱਚ ਏਕਤਾ, ਸਦਭਾਵਨਾ ਅਤੇ ਭਾਈਚਾਰਕ ਸਾਂਝ ਵਧਾਉਣ ਵਿੱਚ ਸਹਾਈ ਹੁੰਦੇ ਹਨ। ਉਹਨਾਂ ਅਪੀਲ ਕੀਤੀ ਕਿ ਦੇਸ ਵਾਸੀ ਇਸ ਦਿਵਸ ਤੇ ਇਕੱਠਿਆਂ ਖੁਸ਼ੀਆਂ ਮਨਾ ਕੇ ਸਾਂਝੀਵਾਲਤਾ ਨੂੰ ਮਜਬੂਤ ਕਰਨ।

Comments
Post a Comment