ਭਾਰਤੀ ਸਿੱਖਿਆ ਪ੍ਰਬੰਧ ਦੀ ਸੱਚਾਈ ਨੂੰ ਪ੍ਰਗਟ ਕਰ ਰਹੀ ਹੈ ਡਾ. ਰੋਜ਼ ਦੀ ਕਿਤਾਬ, ਚੰਡੀਗੜ ਪ੍ਰੈਸ ਕਲੱਬ ਵਿੱਚ ਵਿਮੋਚਨ
ਚੰਡੀਗੜ੍ਹ 21 ਅਪ੍ਰੈਲ ( ਰਣਜੀਤ ਧਾਲੀਵਾਲ ) : ਤਿੰਨ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰ ਰਹੇ ਡਾ. ਹਰਜਿੰਦਰ ਸਿੰਘ ਰੋਜ਼ ਦੀ ਕਿਤਾਬ “ਫ੍ਰੋਮ ਜੈਤੇਵਾਲੀ ਟੂ ਦਿ ਹਾਲਜ਼ ਆਫ ਅਕੈਡਮੀਆ” ਦਾ ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਵਿਮੋਚਨ ਕੀਤਾ ਗਿਆ। ਇਹ ਕਿਤਾਬ ਸਿਰਫ਼ ਇੱਕ ਜੀਵਨ ਕਥਾ ਨਹੀਂ, ਸਗੋਂ ਭਾਰਤੀ ਉੱਚ ਸਿੱਖਿਆ ਪ੍ਰਣਾਲੀ ਦੀਆਂ ਹਕੀਕਤਾਂ, ਉਸ ਦੀਆਂ ਮਜ਼ਬੂਤੀਆਂ, ਵਿਰੋਧਾਭਾਸਾਂ ਅਤੇ ਚੁਣੌਤੀਆਂ ਨੂੰ ਲੇਖਕ ਦੇ ਅਨੁਭਵਾਂ ਰਾਹੀਂ ਬਹੁਤ ਹੀ ਸਪਸ਼ਟ ਤਰੀਕੇ ਨਾਲ ਸਾਹਮਣੇ ਲਿਆਉਂਦੀ ਹੈ।
ਇਹ ਕਿਤਾਬ ਆਮ ਆਤਮਕਥਾ ਤੋਂ ਅੱਗੇ ਵਧ ਕੇ ਜੀਵਨ ਦੇ “ਸੰਘਰਸ਼ ਅਤੇ ਸੰਤੋਖ” ਦੋਵੇਂ ਪੱਖਾਂ ਨੂੰ ਗਹਿਰਾਈ ਨਾਲ ਪੇਸ਼ ਕਰਦੀ ਹੈ। ਪੰਜਾਬ ਦੇ ਜੈਤੇਵਾਲੀ ਪਿੰਡ ਵਿੱਚ ਸਧਾਰਣ ਪਰਿਵੇਸ਼ ਵਿੱਚ ਜਨਮੇ ਡਾ. ਰੋਜ਼ ਨੇ ਆਪਣੀ ਯਾਤਰਾ ਰਾਹੀਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਹਾਲਾਤ ਅਤੇ ਮੌਕੇ ਇੱਕ ਇਨਸਾਨ ਦੀ ਦਿਸ਼ਾ ਤੈਅ ਕਰਦੇ ਹਨ। ਕਿਤਾਬ ਵਿੱਚ ਪਿੰਡ ਦੇ ਜੀਵਨ ਦੀ ਭਾਵਨਾਤਮਕ ਅਤੇ ਸਮਾਜਿਕ ਤਸਵੀਰ ਵੀ ਨਜ਼ਰ ਆਉਂਦੀ ਹੈ, ਜਿੱਥੇ ਰਵਾਇਤੀ ਮੁੱਲਾਂ ਵਿੱਚ ਬਦਲਾਅ ਦੇ ਨਾਲ ਸਿੱਖਿਆ ਨੂੰ ਬਦਲਾਅ ਦੇ ਮਹੱਤਵਪੂਰਨ ਸਾਧਨ ਵਜੋਂ ਦਰਸਾਇਆ ਗਿਆ ਹੈ।
ਲਗਭਗ 478 ਸਫ਼ਿਆਂ ਅਤੇ 29 ਚੈਪਟਰ ਵਿੱਚ ਵੰਡੀ ਇਸ ਕਿਤਾਬ ਵਿੱਚ ਭਟਿੰਡਾ ਸਥਿਤ ਤਲਵੰਡੀ ਸਾਹਿਬ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪੂਰਵ ਕੁਲਪਤੀ ਰਹੇ ਡਾ. ਰੋਜ਼ ਨੇ ਸਿੱਖਿਆ ਖੇਤਰ ਦੀਆਂ ਕਈ ਕੜਵੀਆਂ ਸੱਚਾਈਆਂ ਨੂੰ ਬੇਬਾਕੀ ਨਾਲ ਰੱਖਿਆ ਹੈ। ਉਹਨਾਂ ਨੇ ਅਕੈਡਮਿਕ ਇਨਬ੍ਰੀਡਿੰਗ, ਰਿਸਰਚ ਵਿੱਚ ਘਟਦੀ ਨੈਤਿਕਤਾ, ਪ੍ਰਣਾਲੀ ਦੀ ਧੀਮੀ ਗਤੀ ਅਤੇ ਵਧਦਾ ਪ੍ਰਸ਼ਾਸਨਿਕ ਦਖਲ ਜਿਹੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਸੰਸਥਾਵਾਂ ਦੇ ਫ਼ੈਸਲੇ, ਲੀਡਰਸ਼ਿਪ ਦੀ ਸ਼ੈਲੀ ਅਤੇ ਨੀਤੀਆਂ ਉੱਚ ਸਿੱਖਿਆ ਦੀ ਗੁਣਵੱਤਾ ਅਤੇ ਦਿਸ਼ਾ ਨੂੰ ਪ੍ਰਭਾਵਿਤ ਕਰਦੀਆਂ ਹਨ। ਵਾਰ-ਵਾਰ ਲੀਡਰਸ਼ਿਪ ਵਿੱਚ ਬਦਲਾਅ ਅਤੇ ਯੋਗਤਾ ਨਾਲ ਸਮਝੌਤਾ ਵਰਗੇ ਮੁੱਦਿਆਂ ’ਤੇ ਵੀ ਉਹਨਾਂ ਨੇ ਆਪਣੀ ਰਾਏ ਸਾਂਝੀ ਕੀਤੀ ਹੈ।
ਇਹ ਕਿਤਾਬ ਸਿਰਫ਼ ਸਮੱਸਿਆਵਾਂ ਦੀ ਗੱਲ ਨਹੀਂ ਕਰਦੀ, ਸਗੋਂ ਸਿੱਖਿਆ ਦੇ ਵੱਡੇ ਮਕਸਦ ਨੂੰ ਵੀ ਉਜਾਗਰ ਕਰਦੀ ਹੈ। ਇਸ ਵਿੱਚ ਮੈਂਟਰਸ਼ਿਪ, ਬੌਧਿਕ ਇਮਾਨਦਾਰੀ (ਇੰਟੈੱਲਲੈਕਚੁਅਲ ਹਾਨਨੇਸਟੀ) ਅਤੇ ਸਮਾਜ ਪ੍ਰਤੀ ਅਧਿਆਪਕਾਂ ਦੀ ਜ਼ਿੰਮੇਵਾਰੀ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇਣ, ਰਿਸਰਚ ਕਲਚਰ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਅਨੁਭਵਾਂ ਰਾਹੀਂ ਡਾ. ਰੋਜ਼ ਨੇ ਇਮਾਨਦਾਰੀ, ਧੀਰਜ ਅਤੇ ਨੈਤਿਕਤਾ ਦੇ ਮਜ਼ਬੂਤ ਸੰਦੇਸ਼ ਦਿੱਤੇ ਹਨ। ਕਿਤਾਬ ਵਿੱਚ ਲੇਖਕ ਦੇ ਨਿੱਜੀ ਸੰਘਰਸ਼ਾਂ ਜਿਵੇਂ ਕਿ ਪੜ੍ਹਾਈ ਲਈ ਲੰਬੀਆਂ ਦੂਰੀਆਂ ਤੈਅ ਕਰਨਾ, ਪੇਸ਼ੇਵਰ ਚੁਣੌਤੀਆਂ ਅਤੇ ਨਿੱਜੀ ਜੀਵਨ ਦੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਨੇ ਉਹਨਾਂ ਦੇ ਵਿਚਾਰਾਂ ਨੂੰ ਆਕਾਰ ਦਿੱਤਾ। ਡਾ. ਹਰਜਿੰਦਰ ਸਿੰਘ ਰੋਜ਼ ਦੀ ਇਹ ਕਿਤਾਬ ਆਤਮਕਥਾ, ਸਮੀਖਿਆ ਅਤੇ ਚਿੰਤਨ ਦਾ ਇੱਕ ਪ੍ਰਭਾਵਸ਼ਾਲੀ ਮਿਲਾਪ ਹੈ। ਇਹ ਨਾ ਸਿਰਫ਼ ਇੱਕ ਪ੍ਰੇਰਕ ਯਾਤਰਾ ਪੇਸ਼ ਕਰਦੀ ਹੈ, ਸਗੋਂ ਪਾਠਕਾਂ ਨੂੰ ਸਿੱਖਿਆ ਦੇ ਅਸਲ ਮਕਸਦ ਅਤੇ ਮੌਜੂਦਾ ਹਾਲਤ ਬਾਰੇ ਸੋਚਣ ਲਈ ਵੀ ਪ੍ਰੇਰਿਤ ਕਰਦੀ ਹੈ।

Comments
Post a Comment