ਸ਼ਹੀਦੀ ਪੱਤਣ ਸਮਾਰਕ ਲਈ ਐਨਆਰਆਈ ਆਏ ਅੱਗੇ, ਇੰਡਸ ਕੈਨੇਡਾ ਫਾਊਂਡੇਸ਼ਨ ਵੱਲੋਂ 1 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ
ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਹਿੰਸਾ, ਲਾਪਤਾ ਹੋਏ ਵਿਅਕਤੀਆਂ ਅਤੇ ਪੀੜਤ ਪਰਿਵਾਰਾਂ ਦੀ ਯਾਦ ਵਿੱਚ ਕੀਤੇ ਗਏ ਇਤਿਹਾਸਕ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਇੰਡਸ ਕੈਨੇਡਾ ਫਾਊਂਡੇਸ਼ਨ (ਆਈਸੀਐੱਫ) ਨੇ ਪ੍ਰਸਤਾਵਿਤ ਸ਼ਹੀਦੀ ਪੱਤਣ ਸਮਾਰਕ ਦੇ ਨਿਰਮਾਣ ਲਈ ਰੁਪਏ ਕਰੋੜ ਦੇ ਯੋਗਦਾਨ ਦਾ ਐਲਾਨ ਕੀਤਾ ਹੈ। ਆਈਸੀਐੱਫ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਲਾਨੇ ਗਏ ਸਾਰੇ ਫ਼ੈਸਲਿਆਂ ਦਾ ਪੂਰਾ ਸਮਰਥਨ ਕਰਦੀ ਹੈ। ਇਨ੍ਹਾਂ ਵਿੱਚ ਹਰੀਕੇ ਪੱਤਣ ਨੂੰ "ਸ਼ਹੀਦੀ ਪੱਤਣ" ਦਾ ਦਰਜਾ ਦੇਣਾ, ਉੱਥੇ ਸਥਾਈ ਸਮਾਰਕ ਦੀ ਉਸਾਰੀ ਕਰਨਾ ਅਤੇ ਸਾਲ 1982 ਤੋਂ 1995 ਦੌਰਾਨ ਸ਼ਹੀਦ ਮੰਨੇ ਜਾਂਦੇ, ਲਾਪਤਾ ਹੋਏ ਅਤੇ ਕਥਿਤ ਤੌਰ 'ਤੇ "ਲਾਵਾਰਿਸ" ਦੱਸ ਕੇ ਸਸਕਾਰ ਕੀਤੇ ਗਏ ਲੋਕਾਂ ਦਾ ਰਿਕਾਰਡ ਤਿਆਰ ਕਰਨਾ ਸ਼ਾਮਲ ਹੈ।
ਵਿਕਰਮ ਬਾਜਵਾ ਨੇ ਐਲਾਨ ਕੀਤਾ ਕਿ ਇੰਡਸ ਕੈਨੇਡਾ ਫਾਊਂਡੇਸ਼ਨ ਇਸ ਸਮਾਰਕ ਲਈ ਵਿਸ਼ਵ ਪੱਧਰ 'ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਤਹਿਤ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਵਿੱਚ ਸਥਿਤ ਸਿੱਖ ਸੰਸਥਾਵਾਂ, ਗੁਰਦੁਆਰਿਆਂ ਅਤੇ ਭਾਈਚਾਰਕ ਜਥੇਬੰਦੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਇੱਕ ਸਮਰਪਿਤ ਵਿਸ਼ਵ ਪੱਧਰੀ ਫੰਡਰੇਜ਼ਿੰਗ ਵੈੱਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਐਨਆਰਆਈ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸਿੱਧੇ ਤੌਰ 'ਤੇ ਸ਼ਹੀਦੀ ਪੱਤਣ ਸਮਾਰਕ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਉਪਰਾਲਾ ਨਾ ਸਿਰਫ਼ ਸਮਾਰਕ ਲਈ ਵੱਡੇ ਪੱਧਰ 'ਤੇ ਆਰਥਿਕ ਸਹਿਯੋਗ ਇਕੱਠਾ ਕਰੇਗਾ, ਸਗੋਂ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਆਪਣੇ ਸਾਂਝੇ ਇਤਿਹਾਸ ਅਤੇ ਵਿਰਸੇ ਨਾਲ ਵੀ ਹੋਰ ਮਜ਼ਬੂਤੀ ਨਾਲ ਜੋੜੇਗਾ।
ਵਿਕਰਮ ਬਾਜਵਾ ਨੇ ਕਿਹਾ ਕੀ ਇਹ ਸਮਾਰਕ ਸਿਰਫ਼ ਇਤਿਹਾਸ ਨੂੰ ਸੰਭਾਲਣ ਦਾ ਯਤਨ ਨਹੀਂ, ਸਗੋਂ ਕੁਰਬਾਨੀਆਂ ਨੂੰ ਸਨਮਾਨ ਦੇਣ, ਸਮਾਜ ਵਿੱਚ ਸਾਂਝੀ ਚੰਗਿਆਈ (ਹੀਲਿੰਗ) ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬੀ ਪਰਵਾਸੀ ਭਾਈਚਾਰਾ ਅਤੀਤ ਦੇ ਜ਼ਖ਼ਮਾਂ ਨੂੰ ਭਰਨ ਅਤੇ ਪੰਜਾਬ ਦੇ ਹੋਰ ਮਜ਼ਬੂਤ, ਇਕਜੁੱਟ ਅਤੇ ਸਦਭਾਵਨਾ ਭਰੇ ਭਵਿੱਖ ਦੀ ਉਸਾਰੀ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਲਈ ਵਚਨਬੱਧ ਹੈ।

Comments
Post a Comment