ਭਾਰਤੀ ਸ਼ਾਸਤਰੀ ਸੰਗੀਤ ਸਦੀਵੀ ਕਲਾ ਦੀ ਰੂਹ : ਪੀਯੂਸ਼ ਭੱਟ
ਕਲਾਗ੍ਰਾਮ ਵਿੱਚ 1 ਸਤੰਬਰ ਤੋਂ ਸ਼ੁਰੂ ਹੋਣਗੀਆਂ ਮੁਫ਼ਤ ਸ਼ਾਸਤਰੀ ਗਾਇਨ ਕਲਾਸਾਂ
ਚੰਡੀਗੜ੍ਹ 28 ਅਗਸਤ ( ਰਣਜੀਤ ਧਾਲੀਵਾਲ ) : ਦੇਸ਼ ਦੇ ਨੌਜਵਾਨਾਂ ਦਾ ਰੁਝਾਨ ਭਾਵੇਂ ਬਾਲੀਵੁੱਡ ਅਤੇ ਪੱਛਮੀ ਸੰਗੀਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਭਾਰਤੀ ਸ਼ਾਸਤਰੀ ਸੰਗੀਤ ਅੱਜ ਵੀ ਸੰਗੀਤ ਦੀ ਅਸਲ ਨੀਂਹ ਹੈ। ਬਾਲੀਵੁੱਡ ਦੀ ਚਮਕ ਵੀ ਸ਼ਾਸਤਰੀ ਸੰਗੀਤ ਤੋਂ ਬਿਨਾਂ ਅਧੂਰੀ ਅਤੇ ਫਿੱਕੀ ਲੱਗਦੀ ਹੈ। ਇਹ ਕਹਿਣਾ ਹੈ ਪ੍ਰਸਿੱਧ ਭਾਰਤੀ ਸ਼ਾਸਤਰੀ ਗਾਇਕ ਪੀਯੂਸ਼ ਭੱਟ ਦਾ।
ਪੀਯੂਸ਼ ਭੱਟ ਨੇ ਕਿਹਾ ਕਿ ਬਾਲੀਵੁੱਡ ਅਤੇ ਪੱਛਮੀ ਸੰਗੀਤ ਦੀ ਤੁਲਨਾ ਵਿੱਚ ਸ਼ਾਸਤਰੀ ਸੰਗੀਤ ਸਿੱਖਣ ਲਈ ਵਧੇਰੇ ਸਮਰਪਣ, ਸਮਾਂ ਅਤੇ ਧੀਰਜ ਦੀ ਲੋੜ ਹੁੰਦੀ ਹੈ। ਤੁਲਨਾਤਮਕ ਤੌਰ ’ਤੇ ਹਲਕੀਆਂ ਸੰਗੀਤਕ ਵਿਧਾਵਾਂ ਹੋਣ ਕਾਰਨ ਨਵੀਂ ਪੀੜ੍ਹੀ ਦਾ ਰੁਝਾਨ ਉਨ੍ਹਾਂ ਵੱਲ ਵੱਧ ਦਿਖਾਈ ਦਿੰਦਾ ਹੈ। ਖਾਸ ਤੌਰ ’ਤੇ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਪੱਛਮੀ ਸੰਗੀਤ ਪ੍ਰਤੀ ਵਧੇਰੇ ਦਿਲਚਸਪੀ ਦੇਖਣ ਨੂੰ ਮਿਲਦੀ ਹੈ। ਇਸ ਦੇ ਬਾਵਜੂਦ ਭਾਰਤੀ ਸ਼ਾਸਤਰੀ ਸੰਗੀਤ ਨੇ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੀ ਮਜ਼ਬੂਤ ਪਛਾਣ ਕਾਇਮ ਰੱਖੀ ਹੈ। ਉਨ੍ਹਾਂ ਕਿਹਾ ਕਿ ਸ਼ਾਸਤਰੀ ਸੰਗੀਤ ਤੋਂ ਬਿਨਾਂ ਅਸਲ ਸੰਗੀਤਕ ਤਰੱਕੀ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੀ ਮਹੱਤਤਾ ਭਵਿੱਖ ਵਿੱਚ ਵੀ ਬਣੀ ਰਹੇਗੀ।
ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਮਿਸ਼ਰ ਰਾਗਾਂ ’ਤੇ ਆਧਾਰਿਤ ਗੀਤ ਸਿਖਾਏ ਜਾਣਗੇ। ਇਸ ਰਾਹੀਂ ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਨਾਲ ਜਾਣੂ ਕਰਵਾਇਆ ਜਾਵੇਗਾ। ਸਿਖਲਾਈ ਵਿੱਚ ਖਾਸ ਤੌਰ ’ਤੇ ਮੀੰਡ ਤਕਨੀਕ ’ਤੇ ਜ਼ੋਰ ਦਿੱਤਾ ਜਾਵੇਗਾ। ਕਲਾਗ੍ਰਾਮ, ਸੈਕਟਰ-13, ਚੰਡੀਗੜ੍ਹ ਵਿੱਚ ਹੋਣ ਵਾਲੀਆਂ ਮੁਫ਼ਤ ਸ਼ਾਸਤਰੀ ਗਾਇਨ ਕਲਾਸਾਂ ਬਾਰੇ ਪ੍ਰੋਗਰਾਮ ਅਧਿਕਾਰੀ ਰਾਜੇਸ਼ ਬਖ਼ਸ਼ੀ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਦਾ ਉਦੇਸ਼ ਨੌਜਵਾਨਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਨਾਲ ਜੋੜਨਾ ਹੈ। ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵੱਲੋਂ ਇਹ ਪਹਿਲ ਕੀਤੀ ਗਈ ਹੈ, ਜਿਸ ਨੂੰ ਸੰਗੀਤ ਸਿੱਖਣ ਦੇ ਚਾਹਵਾਨਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾ ਬੈਚ 1 ਸਤੰਬਰ ਤੋਂ ਸ਼ਾਮ 4 ਤੋਂ 6 ਵਜੇ ਤੱਕ ਸ਼ੁਰੂ ਹੋਵੇਗਾ। 8 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀ ਪੀਯੂਸ਼ ਭੱਟ ਦੀ ਅਗਵਾਈ ਹੇਠ ਇਨ੍ਹਾਂ ਕਲਾਸਾਂ ਵਿੱਚ ਸਿਖਲਾਈ ਲੈ ਸਕਣਗੇ। ਆਯੋਜਕਾਂ ਮੁਤਾਬਕ ਸੀਟਾਂ ਸੀਮਤ ਹਨ। ਚਾਹਵਾਨ ਵਿਦਿਆਰਥੀ ਰਜਿਸਟ੍ਰੇਸ਼ਨ ਲਈ +91 98722 24242 ’ਤੇ ਸੰਪਰਕ ਕਰ ਸਕਦੇ ਹਨ।

Comments
Post a Comment