ਬਿਜਲੀ ਬੋਰਡ ਮਹਿਕਮੇ ਵੱਲੋਂ ਭੇਜੇ ਗਏ ਵੱਡੇ ਵੱਡੇ ਬਿਜਲੀ ਦੇ ਬਿਲਾਂ ਦੇ ਵਿਰੋਧ ਵਿੱਚ ਪਿੰਡ ਕੁੰਭੜਾ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਲਿਆ ਲੰਬੇ ਹੱਥੀ
ਬਿਜਲੀ ਬੋਰਡ ਮਹਿਕਮੇ ਵੱਲੋਂ ਭੇਜੇ ਗਏ ਵੱਡੇ ਵੱਡੇ ਬਿਜਲੀ ਦੇ ਬਿਲਾਂ ਦੇ ਵਿਰੋਧ ਵਿੱਚ ਪਿੰਡ ਕੁੰਭੜਾ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਲਿਆ ਲੰਬੇ ਹੱਥੀ
ਜੇ ਇਹ ਭੇਜੇ ਬਿੱਲ ਰੱਦ ਨਾ ਕੀਤੇ ਤਾਂ ਮੁੱਖ ਮੰਤਰੀ ਪੰਜਾਬ ਬਿਜਲੀ ਬੋਰਡ ਪੰਜਾਬ ਅਤੇ ਵਿਧਾਇਕ ਮੋਹਾਲੀ ਦਾ ਫੂਕਾਂਗੇ ਪੁਤਲੇ : ਪ੍ਰਧਾਨ ਕੁੰਭੜਾ
ਹਾਸੋਹੀਣੀ ਗੱਲ ਇਹ ਹੈ ਕਿ ਜਿਸ ਘਰ ਦਾ ਮੀਟਰ ਜਲਣ ਕਾਰਨ 3 ਮਹੀਨੇ ਪਹਿਲੇ ਮਹਿਕਮੇ 'ਚ ਜਮਾ ਹੈ, ਉਸਦਾ ਵੀ ਬਿਲ ਆਇਆ 15 ਹਜਾਰ ਰੁਪਏ
ਐਸ.ਏ.ਐਸ.ਨਗਰ 12 ਅਗਸਤ ( ਰਣਜੀਤ ਧਾਲੀਵਾਲ ) : ਇੱਕ ਪਾਸੇ ਸਰਕਾਰ ਨੇ ਹਰ ਇੱਕ ਘਰ ਦੇ ਬਿਜਲੀ ਦੇ 600 ਯੂਨਿਟ ਮਾਫ ਕੀਤੇ ਹੋਏ ਹਨ ਤੇ ਦੂਸਰੇ ਪਾਸੇ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਜੋ ਬਿਲ ਆ ਰਹੇ ਹਨ, ਉਸ ਤੋਂ ਪਰੇਸ਼ਾਨ ਹੋ ਕੇ ਅੱਜ ਮੋਹਾਲੀ ਜ਼ਿਲੇ ਦੇ ਪਿੰਡ ਕੁੰਭੜਾ ਵਿੱਚ ਲੋਕਾਂ ਨੇ ਆਵਾਜ਼ ਉਠਾਈ ਅਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਇਸ ਤਰਾਂ ਸਾਡੇ ਨਾਲ ਧੋਖਾਧੜੀ ਬੰਦ ਕਰੋ, ਕਿਉਂਕਿ ਸਾਡੇ ਬਿਜਲੀ ਦੇ ਬਿੱਲ ਬਿਲਕੁਲ ਨਜਾਇਜ਼ ਆਏ ਹਨ, ਜਦਕਿ ਸਾਡੀ ਖਪਤ ਇਨੀ ਨਹੀਂ ਹੈ। ਪਿੰਡ ਵਾਸੀਆਂ ਨੇ ਪ੍ਰੈਸ ਨੂੰ ਦੱਸਿਆ ਕਿ ਕਈਆਂ ਦੇ ਘਰਾਂ ਦੇ ਮੀਟਰ ਸੜ ਚੁੱਕੇ ਹਨ ਤੇ ਬਿਜਲੀ ਬੋਰਡ ਵਿੱਚ ਜਮਾ ਹਨ ਪਰ ਉਹਨਾਂ ਦਾ ਵੀ ਬਿਲ 15 ਹਜਾਰ ਰੁਪਏ ਆਇਆ ਹੈ। ਉਹਨਾਂ ਨੇ ਵੀ ਪ੍ਰੈਸ ਦੇ ਸਾਹਮਣੇ ਆਪਣੀ ਆਵਾਜ਼ ਉਠਾਈ ਤੇ ਸਰਕਾਰ ਤੋਂ ਇਸ ਹੋ ਰਹੀ ਧੋਖਾਧੜੀ ਬਾਰੇ ਜਵਾਬ ਮੰਗਿਆ।
ਇਸ ਸਮੇਂ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੀ ਹਾਸੋਹੀਣੀ ਗੱਲ ਹੋ ਰਹੀ ਹੈ, ਇੱਕ ਪਾਸੇ ਸਰਕਾਰ 600 ਯੂਨਿਟਾਂ ਮਾਫ ਕਰ ਰਹੀ ਹੈ ਤੇ ਦੂਸਰੇ ਪਾਸੇ ਵੱਡੇ ਵੱਡੇ ਬਿਲ ਭੇਜ ਰਹੀ ਹੈ ਜਦਕਿ ਜਿਨਾਂ ਘਰਾਂ ਦੇ ਬਿਲ ਆਏ ਹਨ ਉਹਨਾਂ ਘਰਾਂ ਦੇ ਵਿੱਚ ਨਾ ਏਸੀ ਹੈ ਤੇ ਨਾ ਕੋਈ ਪਾਣੀ ਵਾਲੀ ਮੋਟਰ ਹੈ, ਪਰ ਵੱਡੇ ਵੱਡੇ ਬਿੱਲ ਜਰੂਰ ਬਿਜਲੀ ਮਹਿਕਮੇ ਨੇ ਭੇਜ ਦਿੱਤੇ ਹਨ। ਕੁੰਭੜਾ ਨੇ ਬਿਜਲੀ ਮਹਿਕਮੇ ਦੇ ਇਸ ਕਾਰਨਾਮੇ ਤੇ ਚੁਟਕੀ ਲੈਂਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਗਰੀਬ ਮਹਿਲਾਵਾਂ ਨੂੰ 4500- 4500 ਰੁਪਏ ਪਾਕੇ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜੋ ਮਹਿਲਾਵਾਂ ਵਿਧਵਾ ਹਨ ਜਾਂ ਗਰੀਬੀ ਰੇਖਾ ਵਿੱਚ ਆਪਣਾ ਜੀਵਨ ਗੁਜਾਰ ਰਹੀਆਂ ਹਨ। ਉਹਨਾਂ ਨੂੰ ਵੱਡੇ ਵੱਡੇ ਬਿੱਲ ਦੇ ਕੇ ਉਹਨਾਂ ਦੀ ਸੰਘੀ ਨੱਪੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਗਰ ਬਿਜਲੀ ਬੋਰਡ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਨਾਜਾਇਜ਼ ਭੇਜੇ ਬਿੱਲ ਵਾਪਸ ਨਾ ਲਏ ਤਾਂ ਮੋਹਾਲੀ ਜਿਲੇ ਦੇ ਲੋਕ ਇਕੱਠੇ ਹੋਕੇ ਮੁੱਖ ਮੰਤਰੀ ਪੰਜਾਬ, ਬਿਜਲੀ ਬੋਰਡ ਪੰਜਾਬ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਪੁਤਲਾ ਫੂਕਣਗੇ।
ਇਸ ਮੌਕੇ ਪ੍ਰੈਸ ਨਾਲ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਨੇ ਬੀ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਬਿਲਾਂ ਦੇ ਕਾਰਨ ਘਰਾਂ ਦੇ ਬਜਟ ਹਿਲ ਜਾਣਗੇ ਤੇ ਇਨੀ ਮਹਿੰਗਾਈ ਵਿੱਚ ਘਰਾਂ ਦਾ ਗੁਜ਼ਾਰਾ ਪਹਿਲੇ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ। ਇਸ ਮੌਕੇ ਪੀੜਤਾਂ ਨੇ ਵੀ ਪ੍ਰੈਸ ਦੇ ਸਾਹਮਣੇ ਆਪਣੇ ਦੁਖੜੇ ਰੋਏ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਤਰਾਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਸਾਡੇ ਤੇ ਇਸ ਤਰ੍ਹਾਂ ਦੇ ਨਾਜਾਇਜ਼ ਬਿਲ ਨਾ ਥੋਪੇ ਜਾਣ। ਇਸ ਮੌਕੇ ਭਾਗ ਸਿੰਘ, ਹਰਬੰਸ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਸੁਰਿੰਦਰ ਕੌਰ, ਬਿਮਲਾ, ਬਲਜੀਤ ਕੌਰ, ਕੰਨਿਕਾ, ਯੋਗਰਾਜ ਸਿੰਘ, ਕਮਲਪ੍ਰੀਤ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਹੋਏ।

Comments
Post a Comment