ਪੰਜਾਬ ਯੂਨੀਵਰਸਿਟੀ ਵੱਲੋਂ ਇਤਿਹਾਸ ਦੇ ਚਾਰ ਪੇਪਰ ਹਟਾਉਣੇ ਵੱਡੀ ਸਾਜ਼ਿਸ ਦਾ ਹੀ ਹਿੱਸਾ : ਕਾ: ਸੇਖੋਂ
ਚੰਡੀਗੜ੍ਹ 15 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮ ਏ ਇਤਿਹਾਸ ਦੇ ਪੋਸਟ ਗਰੈਜੂਏਟ ਸਿਲੇਬਸ ਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਅਹਿਮ ਪੇਪਰ ਹਟਾਏ ਜਾਣ ਦੀ ਨਿੰਦਣਯੋਗ ਕਾਰਵਾਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਤਿਹਾਸ ਨੂੰ ਖਤਮ ਕਰਨ ਜਾਂ ਬਦਲਣ ਦੀ ਇੱਕ ਵੱਡੀ ਸਾਜਿਸ਼ ਦੀ ਹੀ ਹਿੱਸਾ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਫੈਸਲੇ ਨਾਲ ਸਮੁੱਚੇ ਪੰਜਾਬੀਆਂ ਤੇ ਇਤਿਹਾਸ ਪ੍ਰੇਮੀਆਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਤੇ ਸਿੱਖ ਕੌਮ ਦਾ ਇਤਿਹਾਸ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਹੋਇਆ ਗੌਰਵਮਈ ਇਤਿਹਾਸ ਹੈ। ਇਹ ਦੱਬਿਆਂ ਕੁਚਲਿਆਂ ਦੀ ਰੱਖਿਆ ਕਰਨ ਅਤੇ ਜਬਰ ਜੁਲਮ ਵਿਰੁੱਧ ਡਟ ਕੇ ਸੰਘਰਸ ਕਰਦਿਆਂ ਕੁਰਬਾਨੀਆਂ ਕਰਨ ਨੂੰ ਪੇਸ਼ ਕਰਦਾ ਹੈ। ਇਹ ਲੋਕ ਹੱਕਾਂ ਤੇ ਹਿਤਾਂ ਲਈ ਸੰਘਰਸ਼ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਪ੍ਰੇਰਨਾ ਸਰੋਤ ਹੈ। ਹਰ ਕੌਮ ਦਾ ਆਪਣਾ ਇਤਿਹਾਸ ਹੁੰਦਾ ਹੈ, ਪੰਜਾਬ ਦਾ ਇਤਿਹਾਸ ਹੱਕ ਸੱਚ ਤੇ ਨਿਆਂ ਲਈ ਸਹਾਦਤਾਂ ਪਾਉਣ ਤੱਕ ਦਾ ਜੋਸ਼ ਭਰਦਾ ਹੈ, ਜੋ ਸ਼ਾਇਦ ਸਮੇਂ ਦੀਆਂ ਸਰਕਾਰਾਂ ਦੇ ਮਨਾਂ ਵਿੱਚ ਡਰ ਤੇ ਭੈਅ ਪੈਦਾ ਕਰਦਾ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਲਈ ਸਥਾਪਤ ਕੀਤੀ ਗਈ ਸੀ ਅਤੇ ਪੰਜਾਬ ਦੀ ਤਰਜਮਾਨੀ ਕਰਦੀ ਹੈ। ਇਸ ਸੰਸਥਾ ਵਿੱਚੋ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੇਪਰ ਹਟਾਉਣੇ ਕੇਂਦਰ ਦੀ ਭਾਜਪਾ ਸਰਕਾਰ ਦੀ ਤੰਗ ਨਜਰੀ ਅਤੇ ਇਤਿਹਾਸ ਬਦਲਣ ਦੀ ਭਾਵਨਾ ਨੂੰ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਨਾਪਾਕ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਨ ਤੇ ਰੋਕ ਲਗਾਵੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੁੱਦੇ ਬਾਰੇ ਆਪਣਾ ਪ੍ਰਤੀਕਰਮ ਦੇ ਕੇ ਰਾਜ ਸਰਕਾਰ ਦਾ ਸਟੈਂਡ ਸਪਸ਼ਟ ਕਰਨ।

Comments
Post a Comment