ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦਿਆਂ ਵਰਕਰਾਂ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਖਿੱਚ-ਧੂਹ
ਹਜ਼ਾਰਾਂ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਮੋਹਾਲੀ ਵਿਖੇ ਵਿਸ਼ਾਲ ਸੂਬਾਈ ਰੈਲੀ
ਭਗਵੰਤ ਮਾਨ ਸਰਕਾਰ 'ਤੇ ਮਾਣ ਭੱਤਾ ਵਰਕਰਾਂ ਨਾਲ ਕੀਤੇ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਪੂਰਾ ਨਾ ਕਰਨ ਦਾ ਦੋਸ਼
ਐਸ.ਏ.ਐਸ.ਨਗਰ 8 ਸਤੰਬਰ ( ਰਣਜੀਤ ਧਾਲੀਵਾਲ ) : ਮਾਣ ਭੱਤਾ ਵਰਕਰਜ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਮੋਹਾਲੀ ਵਿਖੇ ਸੂਬਾਈ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਨੂੰ ਰੋਕਣ ਲਈ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਤੇ ਲੱਗੇ ਸਖਤ ਬੈਰੀਕੇਟਾਂ ਉੱਤੇ ਇਹਨਾਂ ਔਰਤ ਵਰਕਰਾਂ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਲੱਗਭੱਗ 15-20 ਮਿੰਟ ਤੱਕ ਖਿੱਚ ਧੂਹ ਕੀਤੀ ਗਈ। ਇਸ ਉਪਰੰਤ ਪ੍ਰਸ਼ਾਸਨ ਵੱਲੋਂ 9 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਹੋਣ ਉਪਰੰਤ ਮੋਰਚੇ ਵੱਲੋਂ ਇਸ ਰੋਸ ਮਾਰਚ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ। ਰੈਲੀ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਅਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਸੂਬਾਈ ਆਗੂਆਂ ਲਖਵਿੰਦਰ ਕੌਰ ਫਰੀਦਕੋਟ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾਂ, ਸ਼ਕੁੰਤਲਾ ਸਰੋਆ, ਸਰਬਜੀਤ ਕੌਰ ਮਚਾਕੀ ਅਤੇ ਰਮਨਜੀਤ ਕੌਰ ਮੁਕਤਸਰ ਨੇ ਸੰਬੋਧਨ ਕਰਦਿਆਂ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਮਾਣ ਭੱਤਾ ਵਰਕਰਾਂ ਦੇ ਨਿਗੂਣੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।
ਇਸ ਮੌਕੇ ਰੈਲੀ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਹਰਦੀਪ ਟੋਡਰਪੁਰ ਅਤੇ ਹਰਿੰਦਰ ਦੁਸਾਂਝ ਨੇ ਕਿਹਾ ਕਿ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਅਨੁਸਾਰ ਤਨਖਾਹਾਂ ਨਾ ਦੇਣ, ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਸੇਵਾ ਮੁਕਤੀ ਮੌਕੇ ਘਰਾਂ ਨੂੰ ਖਾਲੀ ਤੋਰਨ ਅਤੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਨਾ ਦੇਣ ਕਾਰਨ ਪੰਜਾਬ ਭਰ ਦੀਆਂ ਮਾਣ ਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਿਸ ਦੇ ਰੋਸ ਵਜੋਂ ਅੱਜ ਹਜ਼ਾਰਾਂ ਵਰਕਰਾਂ ਵੱਲੋਂ ਮੋਹਾਲੀ ਵਿਖੇ ਸੂਬਾਈ ਰੈਲੀ ਅਤੇ ਮਾਰਚ ਕੀਤਾ ਗਿਆ ਹੈ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂਆਂ ਪਵਨ ਮੁਕਤਸਰ, ਮੁਕੇਸ਼ ਕੁਮਾਰ ਤੇ ਮੇਘਰਾਜ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਵਤਾਰ ਮਹਿਮਾ ਨੇ ਵੀ ਸੰਬੋਧਨ ਕਰਦਿਆਂ ਇਹਨਾਂ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਰੈਲੀ ਵਿੱਚ ਮਨਦੀਪ ਕੌਰ, ਗੁਰਮਿੰਦਰ ਕੌਰ ਬਹਿਰਾਮ, ਕਰਮਜੀਤ ਕੌਰ ਮੁਕਤਸਰ, ਪਰਵੀਨ ਕੁਮਾਰੀ, ਗੁਰਜੀਤ ਕੌਰ ਸ਼ਾਹਕੋਟ, ਪਿੰਕੀ ਪਟਿਆਲਾ, ਰਜਿੰਦਰ ਕੌਰ ਤਰਨਤਾਰਨ, ਰਜਵੰਤ ਕੌਰ ਤਰਨਤਾਰਨ, ਬਲਵਿੰਦਰ ਕੌਰ ਅਲੀਸ਼ੇਰ, ਗੁਰਪ੍ਰੀਤ ਕੌਰ ਕੋਹਾਲੀ, ਕੁਲਵਿੰਦਰ ਕੌਰ ਫਗਵਾੜਾ, ਲਕਸ਼ਮੀ ਬਾਈ ਪੂਜਾ, ਬੀਨਾਂ ਘੱਗਾ, ਰਾਜਵਿੰਦਰ ਕੌਰ ਫਗਵਾੜਾ, ਸੀਮਾਂ ਜਲੰਧਰ, ਸੁਸ਼ਮਾਂ ਸਰੋਆ, ਰੇਨੂ ਗੜ੍ਹਸ਼ੰਕਰ, ਸੁਖਬੀਰ ਕੌਰ ਫਰੀਦਕੋਟ, ਰਜਨੀ ਘਰੋਟਾ, ਗੁਰਪ੍ਰੀਤ ਕੌਰ ਬਠਿੰਡਾ ਅਤੇ ਹਰਪਾਲ ਕੌਰ ਮੁਕਤਸਰ ਨੇ ਮੰਗ ਕੀਤੀ ਕਿ ਮਾਣ ਭੱਤਾ ਵਰਕਰਾਂ ਦੇ ਭੱਤਿਆਂ ਨੂੰ ਤੁਰੰਤ ਦੁੱਗਣਾ ਕਰਕੇ ਪਿਛਲੇ ਸਾਢੇ ਚਾਰ ਸਾਲਾਂ ਦੇ ਬਕਾਏ ਦਿੱਤੇ ਜਾਣ, ਸਮੂਹ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਸੇਵਾ ਮੁਕਤੀ 'ਤੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ 5 ਲੱਖ ਦੀ ਗਰੈਚੁਟੀ ਸਮੇਤ ਪ੍ਰਤੀ ਮਹੀਨਾ 9 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ, ਸਕੀਮ ਵਰਕਰਾਂ ਦਾ ਈ.ਐਸ.ਆਈ. ਅਤੇ ਈ.ਪੀ.ਐਫ. ਕੱਟਿਆ ਜਾਵੇ, ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ।

Comments
Post a Comment