ਅੱਜ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਹੋਈ
ਚੰਡੀਗੜ੍ਹ 2 ਸਤੰਬਰ ( ਰਣਜੀਤ ਧਾਲੀਵਾਲ ) : ਅੱਜ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਪ੍ਰਧਾਨ ਮੇਜਰ ਸਿੰਘ ਭਿੱਖੀਵਿੰਡ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਕਿਸਾਨੀ ਨਾਲ ਸੰਬੰਧਤ ਮੰਗਾਂ ਜਿਵੇਂ ਕਿ ਮੁਕਤ ਵਪਾਰ ਸਮਝੌਤਾ ਰੱਦ ਕਰਨ, ਪੰਜਾਬ ਦੇ ਪਾਣੀਆਂ ਦੀ ਨਿਆਂਇਕ ਵੰਡ ਕਰਨ, ਹਰ ਖੇਤ ਨੂੰ ਨਹਿਰੀ ਪਾਣੀ ਦੇਣ, ਹਰ ਘਰ ਨੂੰ ਸ਼ੁੱਧ ਪੀਣ ਵਾਲਾ ਪਾਣੀ ਦੇਣ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸੀ 2+50 ਪ੍ਰਤੀਸ਼ਤ ਲਾਭ ਦੇ ਆਧਾਰ ’ਤੇ ਦੇਣ, ਤਜਵੀਜ਼ਤ ਬਿਜਲੀ ਸੋਧ ਬਿੱਲ 2025 ਅਤੇ ਤਜਵੀਜ਼ਤ ਬੀਜ ਸੋਧ ਬਿੱਲ ਵਾਪਸ ਲੈਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਹਿਕਾਰੀ ਸੁਸਾਇਟੀਆਂ ’ਚ ਕਰਜੇ ਦੀ ਹੱਦ ਵਧਾਉਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜੇ ਮਾਫ਼ ਕਰਨ, ਆਜ਼ਾਦੀ ਤੋਂ ਬਾਅਦ ਜ਼ਮੀਨਾਂ ਆਬਾਦ ਕਰਨ ਵਾਲੇ ਆਬਾਦਕਾਰਾਂ ਨੂੰ ਜ਼ਮੀਨੀ ਮਾਲਕੀ ਦੇ ਹੱਕ ਦੇਣ, ਬਾਰਡਰ ਦੇ ਪਾਰ ਜ਼ਮੀਨਾਂ ਦਾ ਤੀਹ ਹਜ਼ਾਰ ਰੁਪਏ ਕੇਂਦਰ ਸਰਕਾਰ ਤੋਂ ਮੁਆਵਜ਼ਾ ਨਿਰਧਾਰਤ ਕਰਵਾਉਣ, ਸਰਹੱਦ ਨੇੜੇ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਵਿੱਚ ਕਿਸਾਨੀ ਦੇ ਕੰਮ ਕਰਨ ਦੇ ਘੰਟੇ ਵਧਾਏ ਜਾਣ, ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਕਰਵਾਉਣ, ਯੂਰੀਆ ਤੇ ਡੀਏਪੀ ਖਾਦ ਨਾਲ ਹੋਰ ਸਮੱਗਰੀ ਦੇਣ ਦੇ ਨਾਮ ’ਤੇ ਲੁੱਟ ਬੰਦ ਕਰਨ ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀ 1 ਸਤੰਬਰ ਤੋਂ 6 ਸਤੰਬਰ ਤੱਕ ਪੰਜਾਬ ਦੇ ਹਰੇਕ ਪਿੰਡ ਵਿਚ ਪਹੁੰਚ ਕੇ ਲੋਕਾਂ ਨੂੰੰ ਇਨ੍ਹਾਂ ਮੰਗਾਂ ਬਾਰੇ ਜਾਗਰੂਕ ਅਤੇ ਲਾਮਬੰਦ ਕਰੇਗੀ ।
7 ਸਤੰਬਰ ਨੂੰ ਤਹਿਸੀਲ ਪੱਧਰ ’ਤੇ ਵੱਡੇ ਇਕੱਠ ਕਰਕੇ ਧਰਨੇ ਦਿੱਤੇ ਜਾਣਗੇ ਅਤੇ ਐਸ.ਡੀ.ਐਮ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀਆਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਸੰਬੰਧੀ ਮੰਗ ਪੱਤਰ ਸੌਂਪੇ ਜਾਣਗੇ। ਜਥੇਬੰਦੀ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਅੱਜ ਮਹਿੰਗਾਈ ਨੇ ਹਰੇਕ ਤਬਕੇ ਨੂੰ ਨਿਚੋੜ ਕੇ ਰੱਖ ਦਿੱਤਾ ਹੈ । ਆਮ ਬੰਦੇ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋਣਾ ਪੈ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਤੋਂ ਬਾਅਦ ਹੁਣ ਚੀਨੀ, ਪਿਆਜ਼ ਅਤੇ ਹੋਰ ਸਾਰੀਆਂ ਰੋਜ਼ਾਨਾ ਆਮ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਪਹੁੰਚ ਰਹੇ ਹਨ । ਸਰਕਾਰ ਬਜਾਏ ਮਹਿੰਗਾਈ ਨੂੰ ਠੱਲ੍ਹ ਪਾਉਣ ਦੇ ਉਲਟ ਨਵੇਂ ਨਵੇਂ ਕਾਨੂੰਨ ਲਿਆ ਕਿ ਲੋਕਾਂ ਦਾ ਜਿਉਣਾ ਹੋਰ ਵੀ ਦੁੱਬਰ ਕਰ ਰਹੀ ਹੈ। ਇਸ ਮੌਕੇ ਸਤਿਨਾਮ ਸਿੰਘ ਬੜੈਚ, ਗੁਰਦਰਸ਼ਨ ਸਿੰਘ ਖ਼ਾਸਪੁਰ, ਗੁਰਨੇਕ ਭੱਜਲ, ਧਰਮਪਾਲ ਸੀਲ, ਸ਼ਾਮ ਸਿੰਘ ਮੋਹਾਲੀ, ਬਲਵੀਰ ਸਿੰਘ ਮੁਸਾਫਿਰ, ਬਗੀਚਾ ਸਿੰਘ ਫਿਰੋਜ਼ਪੁਰ, ਬਲਦੇਵ ਸਿੰਘ ਲਤਾਲਾ, ਡਾ. ਗੁਵਿੰਦਰ ਲੁਧਿਆਣਾ, ਤੇਜਾ ਸਿੰਘ ਵੜੈਚ, ਕ੍ਰਿਪਾਲ ਸਿੰਘ ਸੇਖੋਂ, ਬਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਛੱਜੂਭੱਟ, ਰਣਜੀਤ ਸਿੰਘ ਬੱਲ ਆਦਿ ਹਾਜ਼ਰ ਸਨ।

Comments
Post a Comment