ਭਗਵਾਨ ਨੂੰ ਹਰ ਵਸਤੂ ਪਿਆਰੀ ਨਹੀਂ ਹੁੰਦੀ, ਸਗੋਂ ਪ੍ਰੇਮ ਭਾਵ ਨਾਲ ਅਰਪਿਤ ਕੀਤੀ ਵਸਤੂ ਹੀ ਉਨ੍ਹਾਂ ਨੂੰ ਸਭ ਤੋਂ ਪਿਆਰੀ ਹੁੰਦੀ ਹੈ: ਸਵਾਮੀ ਧਨਵੰਤਰੀ ਦਾਸ ਜੀ
ਭਗਵਾਨ ਨੂੰ ਹਰ ਵਸਤੂ ਪਿਆਰੀ ਨਹੀਂ ਹੁੰਦੀ, ਸਗੋਂ ਪ੍ਰੇਮ ਭਾਵ ਨਾਲ ਅਰਪਿਤ ਕੀਤੀ ਵਸਤੂ ਹੀ ਉਨ੍ਹਾਂ ਨੂੰ ਸਭ ਤੋਂ ਪਿਆਰੀ ਹੁੰਦੀ ਹੈ: ਸਵਾਮੀ ਧਨਵੰਤਰੀ ਦਾਸ ਜੀ
ਸ੍ਰੀਮਦ ਭਾਗਵਤ ਕਥਾ ਵਿੱਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਗਣਮਾਨਯ ਵਿਅਕਤੀਆਂ ਨੇ ਟੇਕਿਆ ਮੱਥਾ, ਮੰਦਰ ਕਮੇਟੀ ਅਹੁਦੇਦਾਰਾਂ ਵੱਲੋਂ ਸਨਮਾਨ
ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਕਥਾ ਪੰਡਾਲ ਵਿੱਚ ਸਵਾਮੀ ਜੀ ਦਾ ਆਸ਼ੀਰਵਾਦ ਲੈਣ ਅਤੇ ਮੱਥਾ ਟੇਕਣ ਲਈ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹੋਰ ਗਣਮਾਨਯ ਵਿਅਕਤੀ ਵੀ ਹਾਜ਼ਰੀ ਲਗਵਾ ਰਹੇ ਹਨ। ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਵਰਿੰਦਾਵਨ ਤੋਂ ਪਧਾਰੇ ਸਵਾਮੀ ਧਨਵੰਤਰੀ ਦਾਸ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਵੱਖ-ਵੱਖ ਲੀਲਾਵਾਂ ਅਤੇ ਧਾਰਮਿਕ ਪ੍ਰਸੰਗਾਂ ਦਾ ਵਰਣਨ ਕਰਦਿਆਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਸ੍ਰੀਮਦ ਭਾਗਵਤ ਮਹਾਪੁਰਾਣ ਦੀ ਮਹਿਮਾ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।
ਸਵਾਮੀ ਧਨਵੰਤਰੀ ਦਾਸ ਜੀ ਨੇ ਕਿਹਾ ਕਿ ਭਗਵਾਨ ਨੂੰ ਹਰ ਵਸਤੂ ਪਿਆਰੀ ਨਹੀਂ ਹੁੰਦੀ, ਬਲਕਿ ਉਹੀ ਵਸਤੂ ਉਨ੍ਹਾਂ ਨੂੰ ਅਤਿ ਪਿਆਰੀ ਹੁੰਦੀ ਹੈ ਜੋ ਪ੍ਰੇਮ ਅਤੇ ਸ਼ਰਧਾ ਭਾਵ ਨਾਲ ਅਰਪਿਤ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਮਹਾਭਾਰਤ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਧਰਮ ਅਤੇ ਅਧਰਮ ਦੇ ਨਾਲ-ਨਾਲ ਮਾਂ ਦੀ ਸ਼ਕਤੀ ਅਤੇ ਮਮਤਾ ਨਾਲ ਜੁੜੇ ਪ੍ਰਸੰਗਾਂ ਦਾ ਵੀ ਵਰਣਨ ਕੀਤਾ ਅਤੇ ਸ਼ਰਧਾਲੂਆਂ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ੍ਰੀਮਦ ਭਾਗਵਤ ਕਥਾ ਵਿੱਚ ਮੱਥਾ ਟੇਕਣ ਲਈ ਭਾਜਪਾ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਡਾ. ਸੁਭਾਸ਼ ਸ਼ਰਮਾ ਅਤੇ ਭਾਜਪਾ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਵੀ ਪਹੁੰਚੇ। ਉਨ੍ਹਾਂ ਨੇ ਸਵਾਮੀ ਧਨਵੰਤਰੀ ਦਾਸ ਜੀ ਨੂੰ ਫੁੱਲਾਂ ਦਾ ਹਾਰ ਪਹਿਨਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਚੌਥੇ ਦਿਨ ਦੀ ਸ੍ਰੀਮਦ ਭਾਗਵਤ ਕਥਾ ਦੇ ਮੁੱਖ ਯਜਮਾਨ ਵਜੋਂ ਮੰਦਰ ਕਮੇਟੀ ਦੀ ਸਮੂਹ ਮਹਿਲਾ ਕਮੇਟੀ ਅਹੁਦੇਦਾਰਾਂ ਨੇ ਸੇਵਾ ਨਿਭਾਈ। ਉਨ੍ਹਾਂ ਨੇ ਮਹਾਪ੍ਰਸਾਦ ਵੰਡਣ ਤੋਂ ਲੈ ਕੇ ਅਟੁੱਟ ਭੰਡਾਰੇ ਤੱਕ ਹੋਰ ਸੇਵਾਦਾਰਾਂ ਨਾਲ ਮਿਲ ਕੇ ਨਿਸ਼ਕਾਮ ਭਾਵਨਾ ਨਾਲ ਸੇਵਾ ਕੀਤੀ। ਇਸ ਮੌਕੇ ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਦੇ ਮੁੱਖ ਪੁਜਾਰੀ ਲੱਕੀ ਸ਼ਰਮਾ ਤੋਂ ਇਲਾਵਾ ਹੋਰ ਪੁਜਾਰੀਗਣਾਂ ਦੇ ਨਾਲ ਮੰਦਰ ਕਮੇਟੀ ਦੇ ਪ੍ਰਧਾਨ ਦੇਸ਼ਰਾਜ ਗੁਪਤਾ, ਕੋ-ਉਪ ਪ੍ਰਧਾਨ ਰਾਜ ਕੁਮਾਰ ਕਾਲੀਆ, ਉਪ ਪ੍ਰਧਾਨ ਸਤੀਸ਼ ਕੁਮਾਰ, ਮਹਾਸਚਿਵ ਰਾਜ ਕੁਮਾਰ ਸ਼ਰਮਾ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਅੰਸ਼ੁਲ ਬੰਸਲ ਅਤੇ ਸੰਜੀਵ ਸ਼ਰਮਾ ਉਰਫ਼ ਬੌਬੀ ਸਮੇਤ ਹੋਰ ਮੈਂਬਰਾਂ ਨੇ ਸਹਿਯੋਗ ਦਿੱਤਾ।
ਮਹਿਲਾ ਮੰਡਲ ਵੱਲੋਂ ਪ੍ਰਧਾਨ ਦਿਨੇਸ਼ ਚੰਦਨ, ਇੰਦਰਾ ਰਾਣੀ, ਪੁਸ਼ਪਾ ਸ਼ਰਮਾ, ਰਾਜਕੁਮਾਰੀ, ਸ਼ਸ਼ੀ, ਨੀਲਮ ਅਤੇ ਅਰਚਨਾ ਸਮੇਤ ਹੋਰ ਮੈਂਬਰਾਂ ਨੇ ਵੀ ਧਾਰਮਿਕ ਸਮਾਗਮ ਦੀਆਂ ਵਿਵਸਥਾਵਾਂ ਵਿੱਚ ਸਹਿਯੋਗ ਦਿੱਤਾ। ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਮਹਾਆਰਤੀ ਦੇ ਮੌਕੇ ਕਥਾ ਪੰਡਾਲ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਉਮੜ ਪਈ। ‘ਹਰੇ ਕ੍ਰਿਸ਼ਨਾ-ਹਰੇ ਰਾਮਾ’ ਅਤੇ ‘ਰਾਧੇ-ਰਾਧੇ’ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ ਅਤੇ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਹੋ ਗਿਆ। ਸ੍ਰੀਮਦ ਭਾਗਵਤ ਕਥਾ ਦੇ ਸਮਾਪਤੀ ਮੌਕੇ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਮਹਾਪ੍ਰਸਾਦ ਦੀ ਵੰਡ ਅਤੇ ਅਟੁੱਟ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਪ੍ਰਸਾਦ ਗ੍ਰਹਿਣ ਕਰ ਰਹੇ ਹਨ।

Comments
Post a Comment