ਪੰਜਾਬ ਦਾ ਸੁਆਦ ਤੇ ਜਜ਼ਬਾ ਹੁਣ ਖੇਤਾਂ ਤੋਂ ਗਲੋਬਲ ਬ੍ਰਾਂਡ ਤੱਕ ਪਹੁੰਚੇਗਾ
ਖੁਰਾਕ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਕਿਹਾ—ਪੰਜਾਬ ਤੋਂ ਸਿਰਫ਼ ਸੋਰਸਿੰਗ ਨਾ ਕਰੋ, ਸਗੋਂ ਪੰਜਾਬ ਨਾਲ ਮਿਲ ਕੇ ਨਵੇਂ ਉਤਪਾਦ ਤੇ ਬ੍ਰਾਂਡ ਤਿਆਰ ਕਰੋ
ਚੰਡੀਗੜ੍ਹ 18 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੀ ਪਛਾਣ ਸਿਰਫ਼ ਕਣਕ-ਝੋਨੇ ਅਤੇ ਕੱਚੇ ਖੇਤੀ ਉਤਪਾਦਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਪੰਜਾਬ ਦੀ ਖੇਤੀਬਾੜੀ ਦੀ ਤਾਕਤ ਅਤੇ ਪੰਜਾਬੀ ਖਾਣ-ਪੀਣ ਦੀ ਅਮੀਰ ਵਿਰਾਸਤ ਨੂੰ ਪ੍ਰੋਸੈਸਡ ਫੂਡ, ਨਵੇਂ ਉਤਪਾਦਾਂ ਅਤੇ ਗਲੋਬਲ ਬ੍ਰਾਂਡਾਂ ਵਿੱਚ ਬਦਲਣ ਦੀ ਲੋੜ ਹੈ। ਇਹ ਗੱਲ ਪੰਜਾਬ ਸਰਕਾਰ ਦੇ ਖੁਰਾਕ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਸ਼ੁੱਕਰਵਾਰ ਨੂੰ ਸ਼ੈਫੈਕਸ ਇੰਡੀਆ 2026 ਦੌਰਾਨ ਕਹੀ। ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ “ਸੁਆਦ ਵੀ ਪੰਜਾਬੀ ਹੈ ਅਤੇ ਜਜ਼ਬਾ ਵੀ ਪੰਜਾਬੀ। ਹੁਣ ਕਹਾਣੀ ਫਾਰਮ ਤੋਂ ਫੋਰਕ ਅਤੇ ਫਾਰਮ ਤੋਂ ਗਲੋਬਲ ਤੱਕ ਲੈ ਕੇ ਜਾਣ ਦੀ ਲੋੜ ਹੈ। ਸ਼ੈਫ ਅਤੇ ਹਾਸਪਿਟੈਲਿਟੀ ਇੰਡਸਟਰੀ ਪੰਜਾਬ ਤੋਂ ਸਿਰਫ਼ ਸੋਰਸਿੰਗ ਨਾ ਕਰੇ, ਸਗੋਂ ਪੰਜਾਬ ਨਾਲ ਮਿਲ ਕੇ ਨਵੇਂ ਉਤਪਾਦ ਅਤੇ ਬ੍ਰਾਂਡ ਤਿਆਰ ਕਰੇ।”
ਉਨ੍ਹਾਂ ਕਿਹਾ ਕਿ ਕਿਸਾਨਾਂ, ਫੂਡ ਉਦਮੀਆਂ, ਸ਼ੈਫ ਅਤੇ ਹਾਸਪਿਟੈਲਿਟੀ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੂੰ ਇੱਕ ਮੰਚ ’ਤੇ ਲਿਆ ਕੇ ‘ਫਾਰਮ ਟੂ ਫੋਰਕ’ ਦੇ ਸੰਕਲਪ ਨੂੰ ਅਸਲ ਰੂਪ ਦਿੱਤਾ ਜਾ ਸਕਦਾ ਹੈ। ਇਸ ਨਾਲ ਪੰਜਾਬ ਦੇ ਰਵਾਇਤੀ ਸੁਆਦਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਦੇ ਮੌਕੇ ਵਧਣਗੇ। ਸ਼ੈਫੈਕਸ ਇੰਡੀਆ 2026 ਵਿੱਚ ਗੈਸਟਰੋਨੋਮੀ ਦੇ ਭਵਿੱਖ ਦੇ ਨਾਲ-ਨਾਲ ਹਾਸਪਿਟੈਲਿਟੀ ਕਾਰੋਬਾਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੀਐਚਡੀਸੀਸੀਆਈ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ 700 ਸ਼ੈਫਾਂ ਦਾ ਚਿੱਟੇ ਕੋਟ ਵਿੱਚ ਸ਼ੈਫੈਕਸ ਇੰਡੀਆ ਵਿੱਚ ਪਹੁੰਚਣਾ ਸਮਾਗਮ ਦੀ ਊਰਜਾ ਨੂੰ ਇੱਕ ਵੱਖਰੇ ਪੱਧਰ ’ਤੇ ਲੈ ਗਿਆ।
ਉਨ੍ਹਾਂ ਦੱਸਿਆ ਕਿ ਕਿਚਨ ਟੈਕਨਾਲੋਜੀ, ਫੂਡ ਬਿਜ਼ਨਸ ਨੂੰ ਵੱਡੇ ਪੱਧਰ ’ਤੇ ਲਿਜਾਣ ਅਤੇ ਗੈਸਟਰੋਨੋਮੀ ਦੇ ਭਵਿੱਖ ਨਾਲ ਸਬੰਧਤ ਮਸਲਿਆਂ ’ਤੇ ਮਾਹਿਰਾਂ ਵੱਲੋਂ ਵਿਹਾਰਕ ਹੱਲ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ੈਫੈਕਸ ਇੰਡੀਆ ਦਾ ਮੁੱਖ ਉਦੇਸ਼ ਸ਼ੈਫਾਂ, ਰੈਸਟੋਰੈਂਟ ਸੰਚਾਲਕਾਂ, ਹੋਟਲ ਕਾਰੋਬਾਰੀਆਂ, ਫੂਡ ਉਦਮੀਆਂ, ਸਪਲਾਇਰਾਂ ਅਤੇ ਤਕਨਾਲੋਜੀ ਕੰਪਨੀਆਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਾ ਹੈ। ਸੈਕਟਰ-17 ਪਰੇਡ ਗਰਾਊਂਡ ਵਿਖੇ 18 ਤੋਂ 20 ਸਤੰਬਰ ਤੱਕ ਚੱਲ ਰਹੇ ਇਸ ਤਿੰਨ ਰੋਜ਼ਾ ਬੀ2ਬੀ ਸਮਾਗਮ ਵਿੱਚ ਫੂਡ ਪ੍ਰੋਸੈਸਿੰਗ, ਕੇਟਰਿੰਗ, ਹਾਸਪਿਟੈਲਿਟੀ ਅਤੇ ਰੈਸਟੋਰੈਂਟ ਉਦਯੋਗ ਨਾਲ ਜੁੜੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਨਗੇ।

Comments
Post a Comment