ਸਟੈਨਫੋਰਡ-ਐਲਸੇਵੀਅਰ ਦੀ ਰਿਪੋਰਟ: ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ’ਚ ਚਿਤਕਾਰਾ ਯੂਨੀਵਰਸਿਟੀ ਦੇ 57 ਖੋਜਕਰਤਾ
ਚੰਡੀਗੜ੍ਹ/ਪੰਜਾਬ 21 ਅਕਤੂਬਰ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿੱਚ ਇੱਕ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ 57 ਖੋਜਕਰਤਾਵਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਦੀ ਤਾਜ਼ਾ ਰਿਪੋਰਟ ਵਿੱਚ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿੱਚ ਥਾਂ ਮਿਲੀ ਹੈ। ਇਹ ਪ੍ਰਾਪਤੀ ਖੋਜ ਦੇ ਖੇਤਰ ਵਿੱਚ ਯੂਨੀਵਰਸਿਟੀ ਦੇ ਵਧ ਰਹੇ ਯੋਗਦਾਨ ਦੇ ਨਾਲ-ਨਾਲ ਪ੍ਰਭਾਵਸ਼ਾਲੀ, ਅੰਤਰ-ਵਿਸ਼ਾਈ ਅਤੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਟੈਨਫੋਰਡ-ਐਲਸੇਵੀਅਰ ਰਿਪੋਰਟ ਵਿੱਚ ਵੱਖ-ਵੱਖ ਵਿਸ਼ਿਆਂ ਦੇ ਪ੍ਰਭਾਵਸ਼ਾਲੀ ਖੋਜਕਰਤਾਵਾਂ ਦੀ ਪਛਾਣ ਮਿਆਰੀ ਹਵਾਲਾ ਸੂਚਕਾਂ ਅਤੇ ਉਨ੍ਹਾਂ ਦੀ ਖੋਜ ਦੇ ਪ੍ਰਭਾਵ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਕੌਮਾਂਤਰੀ ਸੂਚੀ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ 57 ਖੋਜਕਰਤਾਵਾਂ ਦਾ ਸ਼ਾਮਲ ਹੋਣਾ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਭਾਈਚਾਰੇ ਲਈ ਇੱਕ ਅਹਿਮ ਪ੍ਰਾਪਤੀ ਹੈ। ਇਹ ਗਿਆਨ, ਨਵੀਨਤਾ ਅਤੇ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਉਜਾਗਰ ਕਰਦਾ ਹੈ।
ਇਸ ਪ੍ਰਾਪਤੀ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਅਤੇ ਕੋ-ਫਾਊਂਡਰ ਡਾ. ਮਧੂ ਚਿਤਕਾਰਾ ਨੇ ਕਿਹਾ, “ਖੋਜ ਦਾ ਮਕਸਦ ਸਿਰਫ਼ ਗਿਆਨ ਦੀਆਂ ਹੱਦਾਂ ਦਾ ਵਿਸਥਾਰ ਕਰਨਾ ਹੀ ਨਹੀਂ, ਸਗੋਂ ਉਸ ਗਿਆਨ ਦੀ ਵਰਤੋਂ ਅਹਿਮ ਸਵਾਲਾਂ ਦੇ ਜਵਾਬ ਲੱਭਣ, ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਤਲਾਸ਼ਣ ਅਤੇ ਸਮਾਜ ਲਈ ਸਾਰਥਕ ਯੋਗਦਾਨ ਪਾਉਣ ਵਾਸਤੇ ਕਰਨਾ ਵੀ ਹੈ। ਸਾਡੇ 57 ਖੋਜਕਰਤਾਵਾਂ ਦਾ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਲ ਹੋਣਾ ਚਿਤਕਾਰਾ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਹੈ।”
ਉਨ੍ਹਾਂ ਕਿਹਾ, “ਇਹ ਸਾਡੇ ਅਧਿਆਪਕਾਂ ਅਤੇ ਖੋਜਕਰਤਾਵਾਂ ਦੇ ਸਮਰਪਣ, ਮਜ਼ਬੂਤ ਅਕਾਦਮਿਕ ਮਾਹੌਲ ਅਤੇ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸਾਰਥਕ ਖੋਜ ਦਾ ਪ੍ਰਭਾਵ ਯੂਨੀਵਰਸਿਟੀ ਦੀਆਂ ਹੱਦਾਂ ਤੋਂ ਅੱਗੇ ਸਮਾਜ ਤੱਕ ਪਹੁੰਚਣਾ ਚਾਹੀਦਾ ਹੈ। ਅਸੀਂ ਅਜਿਹਾ ਖੋਜ ਸੱਭਿਆਚਾਰ ਵਿਕਸਤ ਕਰਨ ਲਈ ਵਚਨਬੱਧ ਹਾਂ, ਜਿੱਥੇ ਜਿਗਿਆਸਾ ਨੂੰ ਉਤਸ਼ਾਹ ਮਿਲੇ, ਨਵੇਂ ਵਿਚਾਰਾਂ ’ਤੇ ਮੰਥਨ ਹੋਵੇ ਅਤੇ ਨਵੀਆਂ ਖੋਜਾਂ ਸਮਾਜ ਅਤੇ ਵਿਸ਼ਵ ਦੀ ਤਰੱਕੀ ਵਿੱਚ ਸਹਾਈ ਹੋਣ।”
ਚਿਤਕਾਰਾ ਯੂਨੀਵਰਸਿਟੀ ਵਿੱਚ ਖੋਜ ਨੂੰ ਅਕਾਦਮਿਕ ਵਿਕਾਸ ਅਤੇ ਸੰਸਥਾਗਤ ਤਰੱਕੀ ਦਾ ਅਨਿੱਖੜਵਾਂ ਹਿੱਸਾ ਮੰਨਿਆ ਜਾਂਦਾ ਹੈ। ਯੂਨੀਵਰਸਿਟੀ ਆਪਣੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਡੂੰਘਾਈ ਨਾਲ ਖੋਜ ਕਰਨ, ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਮਿਲ ਕੇ ਕੰਮ ਕਰਨ ਅਤੇ ਵਿਗਿਆਨ, ਤਕਨਾਲੋਜੀ, ਸਿਹਤ ਸੇਵਾਵਾਂ, ਕਾਰੋਬਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉੱਭਰ ਰਹੀਆਂ ਚੁਣੌਤੀਆਂ ’ਤੇ ਖੋਜ ਕਰਨ ਲਈ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਇਹ ਪ੍ਰਾਪਤੀ ਉਨ੍ਹਾਂ ਖੋਜਕਰਤਾਵਾਂ ਦੀ ਨਿੱਜੀ ਵਚਨਬੱਧਤਾ, ਬੌਧਿਕ ਜਿਗਿਆਸਾ ਅਤੇ ਨਿਰੰਤਰ ਯਤਨਾਂ ਨੂੰ ਵੀ ਮਾਨਤਾ ਦਿੰਦੀ ਹੈ, ਜਿਨ੍ਹਾਂ ਦਾ ਕੰਮ ਵਿਸ਼ਵ ਪੱਧਰੀ ਗਿਆਨ ਭੰਡਾਰ ਨੂੰ ਹੋਰ ਸਮ੍ਰਿੱਧ ਕਰ ਰਿਹਾ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਯੂਨੀਵਰਸਿਟੀ ਦੇ ਖੋਜ ਮਾਹੌਲ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੋਜਕਰਤਾਵਾਂ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਵਿਸ਼ਿਆਂ ’ਤੇ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ, ਜਿਨ੍ਹਾਂ ਨਾਲ ਸਾਰਥਕ ਖੋਜਾਂ ਅਤੇ ਲੰਮੇ ਸਮੇਂ ਦੇ ਬਦਲਾਅ ਸੰਭਵ ਹੋ ਸਕਣ। ਚਿਤਕਾਰਾ ਯੂਨੀਵਰਸਿਟੀ ਨੇ ਇਸ ਪ੍ਰਾਪਤੀ ਲਈ ਸਾਰੇ 57 ਖੋਜਕਰਤਾਵਾਂ ਨੂੰ ਵਧਾਈ ਦਿੰਦਿਆਂ ਖੋਜ ਵਿੱਚ ਉੱਤਮਤਾ ਨੂੰ ਅੱਗੇ ਵਧਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਅਜਿਹਾ ਅਕਾਦਮਿਕ ਮਾਹੌਲ ਸਿਰਜਣ ਦੀ ਆਪਣੀ ਵਚਨਬੱਧਤਾ ਦੁਹਰਾਈ, ਜਿੱਥੇ ਗਿਆਨ ਦੀ ਵਰਤੋਂ ਸਮਾਜ ਲਈ ਲਾਭਕਾਰੀ ਅਤੇ ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਕੀਤੀ ਜਾ ਸਕੇ।
Comments
Post a Comment