ਟਾਈ ਚੰਡੀਗੜ੍ਹ ਅਤੇ ਨਾਈਪਰ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਕੀਤਾ ਪ੍ਰੇਰਿਤ
ਉੱਦਮੋਤਸਵ 2026 ਦੌਰਾਨ ਏਆਈ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਫਾਰਮਾ ਖੇਤਰ ਵਿੱਚ ਨਵੇਂ ਕਾਰੋਬਾਰ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ 'ਤੇ ਹੋਈ ਚਰਚਾ
ਐਸ.ਏ.ਐਸ.ਨਗਰ 28 ਅਕਤੂਬਰ ( ਰਣਜੀਤ ਧਾਲੀਵਾਲ ) : ਟਾਈ ਚੰਡੀਗੜ੍ਹ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਐੱਸ.ਏ.ਐੱਸ. ਨਗਰ ਦੇ ਡਿਪਾਰਟਮੈਂਟ ਆਫ ਫਾਰਮਾਸਿਊਟੀਕਲ ਮੈਨੇਜਮੈਂਟ ਦੇ ਸਹਿਯੋਗ ਨਾਲ ਦੋ ਰੋਜ਼ਾ ਉੱਦਮਤਾ ਸੰਮੇਲਨ ‘ਉੱਦਮੋਤਸਵ 2026’ ਕਰਵਾਇਆ ਗਿਆ। 27 ਅਤੇ 28 ਅਕਤੂਬਰ ਨੂੰ ਹੋਏ ਇਸ ਸੰਮੇਲਨ ਵਿੱਚ 200 ਤੋਂ ਵੱਧ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪ੍ਰਮੁੱਖ ਉੱਦਮੀਆਂ ਤੇ ਉਦਯੋਗ ਮਾਹਿਰਾਂ ਤੋਂ ਕਾਰੋਬਾਰ ਸ਼ੁਰੂ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਟਾਈ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਬ੍ਰਹਮ ਅਲਰੇਜਾ ਨੇ ਕਿਹਾ, "ਫਾਰਮਾ ਅਤੇ ਜੀਵਨ ਵਿਗਿਆਨ ਭਾਰਤ ਵਿੱਚ ਨਵੀਆਂ ਖੋਜਾਂ ਅਤੇ ਕਾਰੋਬਾਰੀ ਮੌਕਿਆਂ ਦੀ ਅਗਲੀ ਲਹਿਰ ਦੀ ਅਗਵਾਈ ਕਰਨਗੇ। ਨਾਈਪਰ ਦੇ ਵਿਦਿਆਰਥੀਆਂ ਵਿੱਚ ਵਿਸ਼ਵ ਪੱਧਰੀ ਕੰਪਨੀਆਂ ਸਥਾਪਤ ਕਰਨ ਦੀ ਸਮਰੱਥਾ ਹੈ। ਉੱਦਮੋਤਸਵ ਦਾ ਉਦੇਸ਼ ਉਨ੍ਹਾਂ ਨੂੰ ਉੱਦਮਤਾ ਨੂੰ ਇੱਕ ਅਸਲ ਕਰੀਅਰ ਵਿਕਲਪ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਟਾਈ ਚੰਡੀਗੜ੍ਹ ਭਵਿੱਖ ਦੇ ਉੱਦਮੀਆਂ ਨੂੰ ਮਾਰਗਦਰਸ਼ਨ ਅਤੇ ਸਹਿਯੋਗ ਦੇਣ ਲਈ ਵਚਨਬੱਧ ਹੈ।"
ਸੰਮੇਲਨ ਦੇ ਪਹਿਲੇ ਦਿਨ ‘ਏਆਈ ਐਂਡ ਸਟਾਰਟਅੱਪਸ’ ਵਿਸ਼ੇ 'ਤੇ ਹੋਈ ਚਰਚਾ ਵਿੱਚ ਟਾਈ ਚੰਡੀਗੜ੍ਹ ਦੇ ਵਾਈਸ ਪ੍ਰੈਜ਼ੀਡੈਂਟ ਅਦਵੈਤ ਉਪਾਧਿਆਏ, ਐਲਾਇਰਾ.ਏਆਈ ਦੇ ਸੀਟੀਓ ਅੰਕੁਰ ਦਿਨੇਸ਼ ਗਰਗ ਅਤੇ ਸਾਫਟ ਐਲੀਵੇਸ਼ਨ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਵਿਜੇ ਸੰਧੂ ਨੇ ਸਟਾਰਟਅੱਪ ਦੇ ਵਿਕਾਸ ਵਿੱਚ ਏਆਈ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਪਹਿਲੇ ਦਿਨ ਦਾ ਮੁੱਖ ਆਕਰਸ਼ਣ ‘ਲੈਸਨਜ਼ ਫ੍ਰੌਮ ਬਿਲਡਿੰਗ ਏ ਕੈਟੇਗਰੀ-ਡਿਫਾਈਨਿੰਗ ਸਟਾਰਟਅੱਪ’ ਵਿਸ਼ੇ 'ਤੇ ਲਾਹੌਰੀ ਜੀਰਾ ਦੇ ਕੋ-ਫਾਊਂਡਰ ਅਤੇ ਸੀਈਓ ਸੌਰਭ ਮੁੰਜਾਲ ਨਾਲ ਸਿਗਨੀਸੈਂਟ ਦੇ ਹਰਿਤ ਮੋਹਨ ਦੀ ਗੱਲਬਾਤ ਰਹੀ। ਮੁੰਜਾਲ ਨੇ ਦੱਸਿਆ ਕਿ ਕਿਵੇਂ ਇੱਕ ਰਵਾਇਤੀ ਭਾਰਤੀ ਸੁਆਦ ਨੂੰ ਵੱਡੀਆਂ ਕੌਮਾਂਤਰੀ ਕੰਪਨੀਆਂ ਨਾਲ ਮੁਕਾਬਲਾ ਕਰਨ ਵਾਲੇ ਸਫਲ ਬ੍ਰਾਂਡ ਵਿੱਚ ਬਦਲਿਆ ਗਿਆ। ਐਕਸਓਆਰ ਲੈਬਜ਼ ਦੇ ਨਿਤਾਨ ਜੈਨ ਨੇ ‘ਏਆਈ ਇਨ ਮਾਰਕੀਟਿੰਗ: ਲੈਸਨਜ਼ ਫ੍ਰੌਮ 300+ ਬ੍ਰਾਂਡਜ਼’ ਵਿਸ਼ੇ 'ਤੇ ਵਰਕਸ਼ਾਪ ਕਰਵਾਈ। ਅਡਾਨੀ ਗਰੁੱਪ ਦੇ ਰੁਪੇਸ਼ ਕੇ. ਸਿੰਘ ਨੇ ‘ਇਫੈਕਟਿਵ ਕਮਿਊਨੀਕੇਸ਼ਨ’ ਅਤੇ ਐਂਟੀਅਰ ਸਲਿਊਸ਼ਨਜ਼ ਦੇ ਫਾਊਂਡਰ ਵਿਕਰਮ ਆਰ. ਸਿੰਘ ਨੇ ‘ਐਂਟਰਪ੍ਰਿਨਿਊਰੀਅਲ ਮਾਈਂਡਸੈੱਟ’ ਵਿਸ਼ੇ 'ਤੇ ਵਿਚਾਰ ਰੱਖੇ।
ਦੂਜੇ ਦਿਨ ਥਿਓਨ ਫਾਰਮਾਸਿਊਟੀਕਲਜ਼ ਦੇ ਪੁਨੀਤ ਬਾਂਸਲ ਨੇ ‘ਐਂਟਰਪ੍ਰਿਨਿਊਰਸ਼ਿਪ ਅਪਰਚਿਊਨਿਟੀਜ਼ ਇਨ ਫਾਰਮਾ ਐਂਡ ਲਾਈਫ ਸਾਇੰਸਿਜ਼’ ਵਿਸ਼ੇ 'ਤੇ ਫਾਰਮਾ ਖੇਤਰ ਵਿੱਚ ਨਵੇਂ ਕਾਰੋਬਾਰਾਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਐੱਫਐੱਮਸੀ ਕਾਰਪੋਰੇਸ਼ਨ ਦੇ ਇੰਡੀਆ ਹੈੱਡ – ਸੀਆਰਐੱਮ ਐਂਡ ਚੈਨਲ ਐਕਸੀਲੈਂਸ ਹੇਮੰਤ ਰਾਜ ਸਿੰਘ ਨੇ ‘ਵੌਇਸ ਆਫ ਕਸਟਮਰ: ਵੌਇਸ ਆਫ ਰੈਵੇਨਿਊ’ ਵਿਸ਼ੇ 'ਤੇ ਵਰਕਸ਼ਾਪ ਦੌਰਾਨ ਗਾਹਕਾਂ ਦੀਆਂ ਲੋੜਾਂ ਨੂੰ ਸਮਝ ਕੇ ਕਾਰੋਬਾਰ ਵਧਾਉਣ ਦੇ ਤਰੀਕੇ ਦੱਸੇ। ਟਾਈ ਯੂ ਲੀਡ, ਚੰਡੀਗੜ੍ਹ ਦੇ ਨਿਤਿਨ ਜੈਨ ਨੇ ‘ਟਾਈ ਯੂ ਬ੍ਰੀਫਿੰਗ’ ਦੌਰਾਨ ਵਿਦਿਆਰਥੀਆਂ ਨੂੰ ਨੌਜਵਾਨ ਉੱਦਮੀਆਂ ਲਈ ਉਪਲਬਧ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਬਲੈਕਲਿਸਟਿਡ ਦੇ ਫਾਊਂਡਰ ਮੋਹਿਤ ਸ਼ਰਮਾ ਨੇ ‘ਦ ਪਾਵਰ ਆਫ ਬ੍ਰਾਂਡਿੰਗ: ਬਿਲਡਿੰਗ ਬ੍ਰਾਂਡਜ਼ ਦੈਟ ਸਟੈਂਡ ਆਊਟ’ ਵਿਸ਼ੇ 'ਤੇ ਵਰਕਸ਼ਾਪ ਕਰਵਾਈ, ਜਦਕਿ ਅਲਟਰੂਇਸਟ ਟੈਕਨੋਲੋਜੀਜ਼ ਦੇ ਡਾਇਰੈਕਟਰ ਅਨੁਜ ਅਗਰਵਾਲ ਨੇ ‘ਫ੍ਰੌਮ ਆਈਡੀਆ ਟੂ ਐਂਟਰਪ੍ਰਾਈਜ਼’ ਵਿਸ਼ੇ 'ਤੇ ਸਮਾਪਤੀ ਸੰਬੋਧਨ ਦਿੱਤਾ। ਟਾਈ ਚੰਡੀਗੜ੍ਹ ਨੇ ਸੰਮੇਲਨ ਦੀ ਸਫਲਤਾ ਲਈ ਨਾਈਪਰ ਦੇ ਪ੍ਰਬੰਧਕਾਂ, ਬੁਲਾਰਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

Comments
Post a Comment