ਆਈਆਈਐੱਸਈਆਰ ਮੋਹਾਲੀ ਵਿੱਚ ਗੁਜਰਾਤ ਦੇ 47 ਵਿਦਿਆਰਥੀਆਂ ਦਾ ਸਵਾਗਤ, ਯੁਵਾ ਸੰਗਮ ਤਹਿਤ ਪੰਜਾਬ ਦੇ ਸੱਭਿਆਚਾਰ ਤੇ ਵਿਰਾਸਤ ਤੋਂ ਹੋਣਗੇ ਜਾਣੂ
ਆਈਆਈਐੱਸਈਆਰ ਮੋਹਾਲੀ ਵਿੱਚ ਗੁਜਰਾਤ ਦੇ 47 ਵਿਦਿਆਰਥੀਆਂ ਦਾ ਸਵਾਗਤ, ਯੁਵਾ ਸੰਗਮ ਤਹਿਤ ਪੰਜਾਬ ਦੇ ਸੱਭਿਆਚਾਰ ਤੇ ਵਿਰਾਸਤ ਤੋਂ ਹੋਣਗੇ ਜਾਣੂ
ਯੁਵਾ ਸੰਗਮ ਦੇ ਸੱਤਵੇਂ ਪੜਾਅ ਤਹਿਤ ਹਫ਼ਤਾ ਭਰ ਚੱਲੇਗਾ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ
ਐਸ.ਏ.ਐਸ.ਨਗਰ 23 ਅਕਤੂਬਰ ( ਰਣਜੀਤ ਧਾਲੀਵਾਲ ) : ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ), ਮੋਹਾਲੀ ਨੇ ਸ਼ੁੱਕਰਵਾਰ ਨੂੰ ਯੁਵਾ ਸੰਗਮ ਦੇ ਸੱਤਵੇਂ ਪੜਾਅ ਤਹਿਤ ਗੁਜਰਾਤ ਤੋਂ ਆਏ 47 ਵਿਦਿਆਰਥੀਆਂ ਦਾ ਆਪਣੇ ਕੈਂਪਸ ਵਿੱਚ ਸਵਾਗਤ ਕੀਤਾ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਤਹਿਤ ਕਰਵਾਈ ਜਾ ਰਹੀ ਇਸ ਪਹਿਲ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਇੱਕ-ਦੂਜੇ ਦੇ ਸੱਭਿਆਚਾਰ, ਰਵਾਇਤਾਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਾ ਹੈ। ਗੁਜਰਾਤ ਤੋਂ ਆਏ ਵਿਦਿਆਰਥੀਆਂ ਦਾ ਪੰਜਾਬੀ ਰਵਾਇਤਾਂ ਅਨੁਸਾਰ ਨਿੱਘਾ ਸਵਾਗਤ ਕੀਤਾ ਗਿਆ। ਢੋਲ ਦੀ ਗੂੰਜ ਅਤੇ ਭੰਗੜੇ ਦੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਇੱਥੋਂ ਦੀ ਮਹਿਮਾਨਨਿਵਾਜ਼ੀ ਦੀ ਝਲਕ ਦੇਖਣ ਨੂੰ ਮਿਲੀ।
ਆਈਆਈਐੱਸਈਆਰ ਮੋਹਾਲੀ ਦੇ ਡਾਇਰੈਕਟਰ ਪ੍ਰੋ. ਅਨਿਲ ਕੇ. ਤ੍ਰਿਪਾਠੀ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਕੌਮੀ ਏਕਤਾ ਨੂੰ ਮਜ਼ਬੂਤ ਕਰਨ, ਵੱਖ-ਵੱਖ ਸੱਭਿਆਚਾਰਾਂ ਨੂੰ ਸਮਝਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨੌਜਵਾਨਾਂ ਵਿਚਕਾਰ ਆਪਸੀ ਸਾਂਝ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਅਧੀਨ ਨੌਰਥ ਰੀਜਨ ਸਾਇੰਸ ਐਂਡ ਟੈਕਨਾਲੋਜੀ ਕਲੱਸਟਰ ਦੀ ਸਲਾਹਕਾਰ ਡਾ. ਜਤਿੰਦਰ ਕੌਰ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਸ੍ਰੀ ਓਜਸਵੀ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਡਾ. ਜਤਿੰਦਰ ਕੌਰ ਅਰੋੜਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਦੇਸ਼ ਦੀ ਵਿਗਿਆਨਕ ਅਤੇ ਤਕਨੀਕੀ ਤਰੱਕੀ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਅਤੇ ਸੋਚ ਦੇ ਦਾਇਰੇ ਨੂੰ ਵੀ ਵਿਸ਼ਾਲ ਕਰਦੇ ਹਨ। ਉੱਥੇ ਹੀ, ਓਜਸਵੀ ਸ਼ਰਮਾ ਨੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਕਹਾਣੀਆਂ ਰਾਹੀਂ ਲੋਕਾਂ ਨੂੰ ਜੋੜਨ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਦੀਆਂ ਰਵਾਇਤਾਂ, ਇਤਿਹਾਸ ਅਤੇ ਜੀਵਨ-ਸ਼ੈਲੀ ਨੂੰ ਨੇੜਿਓਂ ਜਾਣਨ ਨਾਲ ਨੌਜਵਾਨਾਂ ਵਿੱਚ ਦੇਸ਼ ਦੀ ਵਿਭਿੰਨਤਾ ਪ੍ਰਤੀ ਸਮਝ ਅਤੇ ਸਤਿਕਾਰ ਵਧਦਾ ਹੈ।
ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀ ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ, ਸੱਭਿਆਚਾਰਕ ਰਵਾਇਤਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋਈ ਤਰੱਕੀ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਯੁਵਾ ਸੰਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧ ਕੇ ਦੇਸ਼ ਦੀ ਵਿਭਿੰਨਤਾ ਨੂੰ ਅਮਲੀ ਤੌਰ ’ਤੇ ਸਮਝਣ ਦਾ ਮੌਕਾ ਦੇਣਾ ਹੈ। ਅਜਿਹੀਆਂ ਪਹਿਲਕਦਮੀਆਂ ਨਾਲ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਵਿਚਕਾਰ ਆਪਸੀ ਸਮਝ, ਸਹਿਯੋਗ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ।


Comments
Post a Comment