ਯੁਵਾ ਸੰਗਮ ਤਹਿਤ ਪੰਜਾਬ ਦੌਰੇ ’ਤੇ ਆਏ ਗੁਜਰਾਤ ਦੇ 47 ਵਿਦਿਆਰਥੀਆਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਯੁਵਾ ਸੰਗਮ ਤਹਿਤ ਪੰਜਾਬ ਦੌਰੇ ’ਤੇ ਆਏ ਗੁਜਰਾਤ ਦੇ 47 ਵਿਦਿਆਰਥੀਆਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ 29 ਅਕਤੂਬਰ ( ਰਣਜੀਤ ਧਾਲੀਵਾਲ ) : ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ), ਮੋਹਾਲੀ ਦੀ ਮੇਜ਼ਬਾਨੀ ਹੇਠ ਯੁਵਾ ਸੰਗਮ ਪ੍ਰੋਗਰਾਮ ਤਹਿਤ ਪੰਜਾਬ ਦੇ ਇੱਕ ਹਫ਼ਤੇ ਦੇ ਦੌਰੇ ’ਤੇ ਆਏ ਗੁਜਰਾਤ ਦੇ 47 ਵਿਦਿਆਰਥੀਆਂ ਦੇ ਵਫ਼ਦ ਨੇ ਆਪਣੇ ਸੂਬੇ ਵਾਪਸ ਜਾਣ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਨਾਸ਼ਤੇ ਦੌਰਾਨ ਮੁਲਾਕਾਤ ਕੀਤੀ। ਯੁਵਾ ਸੰਗਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇੱਕ ਪਹਿਲ ਹੈ, ਜਿਸ ਦਾ ਉਦੇਸ਼ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਆਦਾਨ-ਪ੍ਰਦਾਨ ਦਾ ਮੌਕਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ, ਉਦਯੋਗ, ਸਮਾਜਿਕ ਜੀਵਨ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਉਣਾ ਹੈ। ਇਸ ਵਫ਼ਦ ਦੀ ਅਗਵਾਈ ਆਈਆਈਐੱਸਈਆਰ, ਮੋਹਾਲੀ ਦੇ ਡਾਇਰੈਕਟਰ ਪ੍ਰੋ. ਅਨਿਲ ਕੇ. ਤ੍ਰਿਪਾਠੀ ਨੇ ਕੀਤੀ। ਇਸ ਮੌਕੇ ਸੰਸਥਾ ਦੇ ਰਜਿਸਟਰਾਰ ਰਾਜ ਕੁਮਾਰ ਮੰਝੀਵਾਲ, ਸਹਾਇਕ ਰਜਿਸਟਰਾਰ ਸੰਜੀਵ ਕੁਮਾਰ ਯਾਦਵ, ਨੋਡਲ ਅਫ਼ਸਰ ਡਾ. ਤਨੁਸ਼੍ਰੀ ਖੰਡਾਈ ਅਤੇ ਸਪੋਰਟਸ ਫੈਕਲਟੀ ਮੈਂਬਰ ਅਮਨਦੀਪ ਸਿੰਘ ਗਿੱਲ ਵੀ ਮੌਜੂਦ ਸਨ। ਰਾਜਪਾਲ ਨਾਲ ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਪਟਿਆਲਾ, ਸ੍ਰੀ ਆਨੰਦਪੁਰ ਸਾਹਿਬ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਦੌਰੇ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਇਤਿਹਾਸਕ ਮਹੱਤਤਾ ਅਤੇ ਵਿਭਿੰਨਤਾ ਦੀ ਸ਼ਲਾਘਾ ਕੀਤੀ।
ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐੱਮ), ਅੰਮ੍ਰਿਤਸਰ ਵਰਗੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੇ ਦੌਰੇ ਨਾਲ ਉਨ੍ਹਾਂ ਨੂੰ ਸੂਬੇ ਦੀ ਸਿੱਖਿਆ ਪ੍ਰਣਾਲੀ, ਖੋਜ ਕਾਰਜਾਂ ਅਤੇ ਵਿੱਦਿਅਕ ਮਿਆਰਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਸਮਾਜਿਕ ਪਰੰਪਰਾਵਾਂ ਬਾਰੇ ਜਾਣ ਕੇ ਵੀ ਉਨ੍ਹਾਂ ਦੇ ਗਿਆਨ ਅਤੇ ਤਜਰਬੇ ਵਿੱਚ ਵਾਧਾ ਹੋਇਆ। ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੇ ਸਮਾਗਮ ਨੂੰ ਵਿਦਿਆਰਥੀਆਂ ਨੇ ਆਪਣੇ ਦੌਰੇ ਦਾ ਯਾਦਗਾਰੀ ਤਜਰਬਾ ਦੱਸਿਆ। ਉਨ੍ਹਾਂ ਨੇ ਉੱਥੇ ਦੇਸ਼ ਭਗਤੀ, ਰਾਸ਼ਟਰੀ ਮਾਣ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਨੇੜਿਓਂ ਮਹਿਸੂਸ ਕੀਤਾ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ (ਸੁਨਹਿਰੀ ਮੰਦਰ) ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ਨੇ ਉਨ੍ਹਾਂ ਨੂੰ ਪੰਜਾਬ ਦੀ ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਸਮਝਣ ਦਾ ਮੌਕਾ ਦਿੱਤਾ।
ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੁਵਾ ਸੰਗਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨੌਜਵਾਨਾਂ ਨੂੰ ਇੱਕ-ਦੂਜੇ ਦੀਆਂ ਪਰੰਪਰਾਵਾਂ, ਸੱਭਿਆਚਾਰ, ਵਿੱਦਿਅਕ ਪ੍ਰਾਪਤੀਆਂ ਅਤੇ ਜੀਵਨ ਸ਼ੈਲੀ ਨੂੰ ਸਮਝਣ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਅਜਿਹੇ ਪ੍ਰੋਗਰਾਮ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਦੇਸ਼ ਦੀ ਏਕਤਾ ਨੂੰ ਹੋਰ ਪੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰੇ ਤੋਂ ਪ੍ਰਾਪਤ ਤਜਰਬੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦੇ ਸੰਦੇਸ਼ਵਾਹਕ ਬਣਨ ਅਤੇ ਇੱਕ ਮਜ਼ਬੂਤ ਤੇ ਸਮਾਵੇਸ਼ੀ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੇ।

Comments
Post a Comment