ਰਾਵਣ ਦਹਨ ਨਾਲ ਸੈਕਟਰ-48 ਦੀ ਰਾਮਲੀਲਾ ਦੀ ਸਮਾਪਤੀ, ਗੂੰਜੇ ਜੈ ਸ਼੍ਰੀ ਰਾਮ ਦੇ ਜੈਕਾਰੇ
ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇ ਕੇ ਵਿਦਾ ਹੋਈ ਰਾਮਲੀਲਾ, ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ
ਚੰਡੀਗੜ੍ਹ 20 ਅਕਤੂਬਰ ( ਰਣਜੀਤ ਧਾਲੀਵਾਲ ) : ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਦਾ ਸੰਦੇਸ਼ ਦਿੰਦਿਆਂ ਸੈਕਟਰ-48 ਦੀ ਰਾਮਲੀਲਾ ਦੀ ਸਮਾਪਤੀ ਹੋ ਗਈ। ਸ੍ਰੀ ਰਾਮ ਸੇਵਕ ਯੁਵਾ ਕਲਾ ਮੰਚ ਵੱਲੋਂ ਕਰਵਾਈ ਗਈ ਰਾਮਲੀਲਾ ਦੌਰਾਨ ਕਲਾਕਾਰਾਂ ਨੇ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦਾ ਮੰਚਨ ਕਰਕੇ ਦਰਸ਼ਕਾਂ ਨੂੰ ਸੱਚਾਈ, ਧਰਮ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਮਾਪਤੀ ਮੌਕੇ ਰਾਵਣ ਦਹਨ ਦੇ ਨਾਲ ਹੀ ਸਮੁੱਚਾ ਮਾਹੌਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਰਾਮਲੀਲਾ ਦੌਰਾਨ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਰਾਮ ਕਥਾ ਨਾਲ ਜੋੜੀ ਰੱਖਿਆ। ਆਧੁਨਿਕ ਤਕਨੀਕ, ਆਕਰਸ਼ਕ ਲਾਈਟਿੰਗ ਅਤੇ ਸ਼ਾਨਦਾਰ ਮੰਚ ਸਜਾਵਟ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਪ੍ਰਬੰਧਕਾਂ ਨੇ ਕਿਹਾ ਕਿ ਰਾਮਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ, ਸੰਸਕਾਰਾਂ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮੰਚ ਹੈ।
ਮੰਚ ਦੇ ਚੇਅਰਮੈਨ ਵਿਪਿਨਜੀਤ ਸਿੰਘ ਅਮਨ ਨੇ ਕਿਹਾ ਕਿ ਰਾਮਲੀਲਾ ਦਾ ਅਸਲ ਉਦੇਸ਼ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੱਚਾਈ, ਮਰਿਆਦਾ ਅਤੇ ਫ਼ਰਜ਼ ਦੇ ਰਾਹ ’ਤੇ ਚੱਲਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵਣ ਦੇ ਪੁਤਲੇ ਦੇ ਨਾਲ-ਨਾਲ ਆਪਣੇ ਅੰਦਰਲੇ ਹੰਕਾਰ, ਗੁੱਸੇ ਅਤੇ ਹੋਰ ਬੁਰਾਈਆਂ ਦਾ ਵੀ ਦਹਨ ਕਰਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਰਾਮਲੀਲਾ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਕਲਾਕਾਰਾਂ, ਅਹੁਦੇਦਾਰਾਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

Comments
Post a Comment