ਐਜੂਥੌਨ 6.0 ਵਿੱਚ 1,200 ਤੋਂ ਵੱਧ ਸਿੱਖਿਆ ਮਾਹਿਰਾਂ ਨੇ ਕੀਤੀ ਸ਼ਿਰਕਤ, ਏਆਈ ਅਤੇ ਸਕੂਲੀ ਸਿੱਖਿਆ ਦੇ ਭਵਿੱਖ ਬਾਰੇ ਹੋਇਆ ਵਿਚਾਰ-ਵਟਾਂਦਰਾ
ਐਜੂਥੌਨ 6.0 ਵਿੱਚ 1,200 ਤੋਂ ਵੱਧ ਸਿੱਖਿਆ ਮਾਹਿਰਾਂ ਨੇ ਕੀਤੀ ਸ਼ਿਰਕਤ, ਏਆਈ ਅਤੇ ਸਕੂਲੀ ਸਿੱਖਿਆ ਦੇ ਭਵਿੱਖ ਬਾਰੇ ਹੋਇਆ ਵਿਚਾਰ-ਵਟਾਂਦਰਾ
ਚੰਡੀਗੜ੍ਹ 10 ਅਕਤੂਬਰ ( ਰਣਜੀਤ ਧਾਲੀਵਾਲ ) : ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸਕੂਲੀ ਸਿੱਖਿਆ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਰਵਾਏ ਗਏ ਐਜੂਥੌਨ 6.0 ਵਿੱਚ ਦੇਸ਼ ਭਰ ਤੋਂ 1,200 ਤੋਂ ਵੱਧ ਸਕੂਲ ਮੁਖੀਆਂ, ਅਧਿਆਪਕਾਂ, ਨੀਤੀ ਘਾੜਿਆਂ, ਉੱਦਮੀਆਂ, ਸਿੱਖਿਆ ਮਾਹਿਰਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਚੰਡੀਗੜ੍ਹ ਦੇ ਹਯਾਤ ਰੀਜੈਂਸੀ ਵਿਖੇ ਕਰਵਾਏ ਗਏ ਇਸ ਸੰਮੇਲਨ ਦਾ ਵਿਸ਼ਾ 'ਏਆਈ ਅਤੇ ਸਕੂਲੀ ਸਿੱਖਿਆ ਦਾ ਭਵਿੱਖ' ਰਿਹਾ। ਟ੍ਰਿਨਿਟੀ (TRINITi) ਵੱਲੋਂ ਪੇਸ਼ ਕੀਤੇ ਗਏ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੰਮੇਲਨ ਦਾ ਇਹ ਛੇਵਾਂ ਐਡੀਸ਼ਨ ਸੀ। ਸਿਰਫ਼ 70 ਸਕੂਲ ਮੁਖੀਆਂ ਦੀ ਸ਼ਮੂਲੀਅਤ ਨਾਲ ਸ਼ੁਰੂ ਹੋਇਆ ਇਹ ਸਮਾਗਮ ਅੱਜ ਕੌਮੀ ਪੱਧਰ ਦੇ ਮੰਚ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਇਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਮਾਨਤਾ ਮਿਲ ਚੁੱਕੀ ਹੈ।
ਸੰਮੇਲਨ ਦੇ ਪ੍ਰਮੁੱਖ ਸੈਸ਼ਨਾਂ ਵਿੱਚ ਬੰਬੇ ਸ਼ੇਵਿੰਗ ਕੰਪਨੀ ਅਤੇ ਬੰਬੇ (Bombae) ਦੇ ਸੰਸਥਾਪਕ ਸ਼ਾਂਤਨੂ ਦੇਸ਼ਪਾਂਡੇ ਅਤੇ ਟ੍ਰਿਨਿਟੀ ਦੇ ਸੰਸਥਾਪਕ ਡਾਇਰੈਕਟਰ ਅੰਕੁਰ ਮਲਹੋਤਰਾ ਵਿਚਾਲੇ ਹੋਈ ਵਿਸ਼ੇਸ਼ ਗੱਲਬਾਤ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਦੇਸ਼ਪਾਂਡੇ ਨੇ 'ਆਨੰਦੀ ਫੈਲੋਸ਼ਿਪ' ਦੀ ਵੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਦਾ ਮਕਸਦ ਦੇਸ਼ ਦੀਆਂ ਨੌਜਵਾਨ ਕਾਰੋਬਾਰੀ ਪ੍ਰਤਿਭਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸੇਧ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਮੌਕੇ ਟ੍ਰਿਨਿਟੀ ਦੇ ਸੰਸਥਾਪਕ ਡਾਇਰੈਕਟਰ ਅੰਕੁਰ ਮਲਹੋਤਰਾ ਨੇ ਕਿਹਾ, "ਸਿੱਖਿਆ ਜਗਤ ਹਰ ਨਵੀਂ ਤਕਨੀਕ ਦੇ ਆਉਣ 'ਤੇ ਸਿਰਫ਼ ਉਸ ਮੁਤਾਬਕ ਪ੍ਰਤੀਕਿਰਿਆ ਦੇਣ ਤੱਕ ਸੀਮਤ ਨਹੀਂ ਰਹਿ ਸਕਦਾ। ਸਾਡੀ ਜ਼ਿੰਮੇਵਾਰੀ ਇਹ ਸਮਝਣਾ ਹੈ ਕਿ ਕਿਹੜੀਆਂ ਤਬਦੀਲੀਆਂ ਆ ਰਹੀਆਂ ਹਨ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਭਵਿੱਖ ਲਈ ਤਿਆਰ ਹੋਣ ਦੀ ਪ੍ਰਕਿਰਿਆ ਦੌਰਾਨ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਨਾ ਭੁੱਲੀਏ, ਜੋ ਸਿੱਖਿਆ ਨੂੰ ਅਸਲ ਵਿੱਚ ਸਾਰਥਕ ਬਣਾਉਂਦੀਆਂ ਹਨ।"
ਸੰਮੇਲਨ ਵਿੱਚ ਚਿਤਕਾਰਾ ਯੂਨੀਵਰਸਿਟੀ ਦੀ ਪ੍ਰਧਾਨ ਅਤੇ ਸਹਿ-ਸੰਸਥਾਪਕ ਡਾ. ਮਧੂ ਚਿਤਕਾਰਾ; ਆਰਕੀਟੈਕਟ, ਫੈਮਿਨਾ ਮਿਸ ਇੰਡੀਆ 2018 ਦੀ ਰਨਰ-ਅੱਪ ਅਤੇ ਸਿੰਪਲੀਫਾਈ.ਐਡ ਦੀ ਸੰਸਥਾਪਕ ਸ਼੍ਰੇਆ ਯਸ਼ਵੰਤ ਰਾਓ; ਐਕਸਟ੍ਰਾਮਾਰਕਸ ਐਜੂਕੇਸ਼ਨ ਦੀ ਚੀਫ਼ ਬਿਜ਼ਨਸ ਅਫ਼ਸਰ ਪੂਨਮ ਸਿੰਘ ਜਮਵਾਲ; ਚਿਤਕਾਰਾ ਐਜੂਕੇਸ਼ਨਲ ਟਰੱਸਟ ਦੀ ਸਕੂਲ ਐਜੂਕੇਸ਼ਨ ਉਪ ਪ੍ਰਧਾਨ ਡਾ. ਨਿਯਤੀ ਚਿਤਕਾਰਾ; 'ਦਿ ਕਿਊਰੀਅਸ ਪੇਰੈਂਟ' ਦੇ ਸੰਸਥਾਪਕ ਅਤੇ 'ਪੇਰੈਂਟਿੰਗ ਗੁਰੂ' ਵਜੋਂ ਪ੍ਰਸਿੱਧ ਹਰਪ੍ਰੀਤ ਗਰੋਵਰ ਅਤੇ ਕੁਵੈਤ ਦੇ ਫਿਊਚਰ ਬਾਈਲਿੰਗੁਅਲ ਸਕੂਲ ਫਾਰ ਗਰਲਜ਼ ਦੀ ਸਾਬਕਾ ਮਿਡਲ ਸਕੂਲ ਵਾਈਸ ਪ੍ਰਿੰਸੀਪਲ ਸਮ੍ਰਿਤੀ ਸ਼ਰਮਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵੱਖ-ਵੱਖ ਸਕੂਲ ਜਥੇਬੰਦੀਆਂ ਵੱਲੋਂ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਐਂਡ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ; ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਦੇ ਪ੍ਰਧਾਨ ਡਾ. ਕੁਲਭੂਸ਼ਣ ਸ਼ਰਮਾ; ਕਨਫੈਡਰੇਸ਼ਨ ਫਾਰ ਇਕੁਐਲਿਟੀ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੇ ਕਾਰਜਕਾਰੀ ਚੇਅਰਮੈਨ ਅਨੁਭਵ ਅਰੋੜਾ ਅਤੇ ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਆਸ਼ੀਸ਼ ਸ਼ਰਮਾ ਨੇ ਨੁਮਾਇੰਦਗੀ ਕੀਤੀ।
ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਐਜੂਥੌਨ ਨੇ ਕਾਫ਼ੀ ਵਿਸਥਾਰ ਕੀਤਾ ਹੈ। ਪਹਿਲੇ ਐਡੀਸ਼ਨ ਵਿੱਚ ਜਿੱਥੇ ਸਿਰਫ਼ 70 ਸਕੂਲ ਮੁਖੀਆਂ ਨੇ ਹਿੱਸਾ ਲਿਆ ਸੀ, ਉੱਥੇ ਹੀ ਛੇਵੇਂ ਐਡੀਸ਼ਨ ਵਿੱਚ ਭਾਗੀਦਾਰਾਂ ਦੀ ਗਿਣਤੀ 1,200 ਤੋਂ ਵੱਧ ਪਹੁੰਚ ਗਈ। ਆਰਟੀਫਿਸ਼ੀਅਲ ਇੰਟੈਲੀਜੈਂਸ ਕਾਰਨ ਪੜ੍ਹਾਉਣ ਅਤੇ ਸਿੱਖਣ ਦੇ ਤਰੀਕਿਆਂ ਵਿੱਚ ਆ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਹ ਮੰਚ ਸਕੂਲ ਮੁਖੀਆਂ, ਅਧਿਆਪਕਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਇਸ ਗੱਲ 'ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਤਕਨੀਕ ਦੀ ਵਰਤੋਂ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕਿਸ ਤਰ੍ਹਾਂ ਕੀਤੀ ਜਾਵੇ, ਤਾਂ ਜੋ ਮਨੁੱਖੀ ਸੂਝ-ਬੂਝ, ਸਾਰਥਕ ਆਪਸੀ ਸੰਵਾਦ ਅਤੇ ਅਧਿਆਪਕਾਂ ਦੀ ਕੇਂਦਰੀ ਭੂਮਿਕਾ ਬਰਕਰਾਰ ਰਹੇ। ਐਜੂਥੌਨ ਦਾ ਲਗਾਤਾਰ ਵਧਦਾ ਦਾਇਰਾ ਸਕੂਲੀ ਸਿੱਖਿਆ ਦੇ ਭਵਿੱਖ ਬਾਰੇ ਸਾਰਥਕ ਵਿਚਾਰ-ਵਟਾਂਦਰੇ ਲਈ ਇਸ ਮੰਚ ਦੀ ਵਧਦੀ ਪਹੁੰਚ ਨੂੰ ਦਰਸਾਉਂਦਾ ਹੈ।
Comments
Post a Comment