75 ਸਾਲਾ ਬਜ਼ੁਰਗ ਮਹਿਲਾ ਨੇ ਰਸਤੇ ਲਈ ਲਾਈ ਇਨਸਾਫ਼ ਦੀ ਗੁਹਾਰ
ਪੰਜ ਸਾਲਾਂ ਤੋਂ ਪੱਕੇ ਰਸਤੇ ਦੀ ਉਡੀਕ, ਆਪਣਾ ਰਸਤਾ ਬਣਾਉਣ ਲੱਗੀ ਤਾਂ ਪੰਚਾਇਤ ਨੇ ਕੰਮ ਰੁਕਵਾਇਆ : ਬੀਬੀ ਗੁਰਮੀਤ ਕੌਰ
ਐਸ.ਏ.ਐਸ.ਨਗਰ 20 ਅਕਤੂਬਰ ( ਰਣਜੀਤ ਧਾਲੀਵਾਲ ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਧਰਮਗੜ੍ਹ, ਬਲਾਕ ਮੋਹਾਲੀ ਦੀ ਵਸਨੀਕ 75 ਸਾਲਾ ਬਜ਼ੁਰਗ ਮਹਿਲਾ ਬੀਬੀ ਗੁਰਮੀਤ ਕੌਰ ਪਤਨੀ ਸਵ. ਕੇਸਰ ਸਿੰਘ ਨੇ ਅੱਜ ਪ੍ਰੈੱਸ ਦੇ ਸਾਹਮਣੇ ਭਾਵੁਕ ਹੁੰਦਿਆਂ ਆਪਣੀ ਸਮੱਸਿਆ ਬਿਆਨ ਕੀਤੀ। ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਜਾਣ ਲਈ ਢੁੱਕਵਾਂ ਰਸਤਾ ਨਹੀਂ ਸੀ। ਉਨ੍ਹਾਂ ਦੇ ਗੁਆਂਢੀਆਂ ਵੱਲੋਂ ਲਗਭਗ ਇੱਕ ਕਨਾਲ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਕਬਜ਼ੇ ਨੂੰ ਹਟਵਾਉਣ ਲਈ ਉਨ੍ਹਾਂ ਨੇ ਕਰੀਬ ਤਿੰਨ ਸਾਲ ਤੱਕ ਜ਼ਿਲ੍ਹਾ ਪੰਚਾਇਤ ਅਫ਼ਸਰ ਮੋਹਾਲੀ ਅਤੇ ਪੰਚਾਇਤ ਡਾਇਰੈਕਟਰ ਦੇ ਦਫ਼ਤਰ ਵਿੱਚ ਮਾਮਲਾ ਉਠਾਇਆ ਅਤੇ ਕਾਨੂੰਨੀ ਲੜਾਈ ਲੜੀ।
ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚ ਕੇ ਲਗਭਗ ਇੱਕ ਕਨਾਲ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਲਈ ਲਗਭਗ 11 ਫੁੱਟ ਚੌੜਾ ਅਤੇ 75 ਫੁੱਟ ਲੰਮਾ ਰਸਤਾ ਛੱਡਿਆ ਗਿਆ। ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਪਿਛਲੇ ਲਗਭਗ ਪੰਜ ਸਾਲਾਂ ਤੋਂ ਉਹ ਪੰਚਾਇਤ ਨੂੰ ਵਾਰ-ਵਾਰ ਇਸ ਰਸਤੇ ਨੂੰ ਪੱਕਾ ਕਰਨ ਦੀ ਅਪੀਲ ਕਰ ਰਹੇ ਹਨ, ਪਰ ਅੱਜ ਤੱਕ ਰਸਤਾ ਪੱਕਾ ਨਹੀਂ ਕੀਤਾ ਗਿਆ। ਆਖ਼ਰਕਾਰ ਜਦੋਂ ਉਨ੍ਹਾਂ ਨੇ ਆਪਣੇ ਖਰਚੇ ’ਤੇ ਰਸਤਾ ਪੱਕਾ ਕਰਵਾਉਣ ਲਈ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਮੁਤਾਬਕ ਗ੍ਰਾਮ ਪੰਚਾਇਤ ਧਰਮਗੜ੍ਹ, ਪੰਚਾਇਤ ਸਕੱਤਰ ਅਤੇ JE ਵੱਲੋਂ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪੁਲਿਸ ਰਾਹੀਂ ਵੀ ਧਮਕੀਆਂ ਦਿਵਾਈਆਂ ਗਈਆਂ।
ਬਜ਼ੁਰਗ ਮਹਿਲਾ ਨੇ ਕਿਹਾ ਕਿ ਉਹ 75 ਸਾਲ ਦੀ ਉਮਰ ਵਿੱਚ ਇਸ ਸਮੱਸਿਆ ਕਾਰਨ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਵੇਂ ਚੁਣੇ ਗਏ ਸਰਪੰਚ ਵੱਲੋਂ ਕਥਿਤ ਤੌਰ ’ਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਆਪਣੇ ਗਲੀ-ਮੁਹੱਲੇ ਵਿੱਚ ਪਾਈਪਾਂ ਪਵਾਈਆਂ ਜਾ ਰਹੀਆਂ ਹਨ ਅਤੇ ਰਸਤੇ ਨੂੰ ਪੱਕਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਚਾਇਤੀ ਕੰਮਾਂ ਵਿੱਚ ਇਸ ਤਰ੍ਹਾਂ ਪੱਖਪਾਤ ਹੋਵੇਗਾ ਤਾਂ ਲੋਕ ਸਰਪੰਚਾਂ ਤੋਂ ਕੀ ਉਮੀਦ ਰੱਖਣ? ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਡਾਇਰੈਕਟਰ ਪੰਚਾਇਤ ਅਤੇ BDO ਮੋਹਾਲੀ ਨੂੰ ਲਿਖਤੀ ਦਰਖ਼ਾਸਤ ਵੀ ਭੇਜੀ ਜਾ ਚੁੱਕੀ ਹੈ।“ਇੱਕ ਪਾਸੇ ਵਿਕਾਸ ਦੇ ਵੱਡੇ ਦਾਅਵੇ, ਦੂਜੇ ਪਾਸੇ ਬਜ਼ੁਰਗ ਮਹਿਲਾ ਨੂੰ ਪੱਕਾ ਰਸਤਾ ਨਹੀਂ” : ਬਲਵਿੰਦਰ ਸਿੰਘ ਕੁੰਭੜਾ
ਇਸ ਮੌਕੇ SCBC ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਵਿਧਾਇਕ ਵੀ ਵਿਕਾਸ ਕਾਰਜਾਂ ਦੀਆਂ ਗੱਲਾਂ ਕਰਦੇ ਹਨ, ਪਰ ਦੂਜੇ ਪਾਸੇ ਪਿੰਡ ਧਰਮਗੜ੍ਹ ਦੀ ਇੱਕ 75 ਸਾਲਾ ਬਜ਼ੁਰਗ ਮਹਿਲਾ ਨੂੰ ਆਪਣੇ ਘਰ ਤੱਕ ਪੱਕਾ ਰਸਤਾ ਦਿਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਬਜ਼ੁਰਗ ਮਹਿਲਾ ਦੇ ਘਰ ਤੱਕ ਪੱਕਾ ਰਸਤਾ ਬਣਾਉਣ ਲਈ ਪੰਚਾਇਤ ਕੋਲ ਫੰਡ ਨਹੀਂ ਹਨ ਤਾਂ ਸਰਕਾਰ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਹੁੰਦੇ ਹਨ।
ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ “ਇਹ ਵਿਕਾਸ ਸਿਰਫ਼ ਫਲੈਕਸ ਬੋਰਡਾਂ ਤੱਕ ਸੀਮਿਤ ਰਹਿ ਗਿਆ ਹੈ ਅਤੇ ‘ਰੰਗਲਾ ਪੰਜਾਬ’ ਵੀ ਫਲੈਕਸ ਬੋਰਡਾਂ ਤੱਕ ਹੀ ਨਜ਼ਰ ਆ ਰਿਹਾ ਹੈ।” ਉਨ੍ਹਾਂ ਮੰਗ ਕੀਤੀ ਕਿ ਗ੍ਰਾਮ ਪੰਚਾਇਤ ਧਰਮਗੜ੍ਹ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਬੀਬੀ ਗੁਰਮੀਤ ਕੌਰ ਦੇ ਘਰ ਤੱਕ ਰਸਤਾ ਪੱਕਾ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗ੍ਰਾਮ ਪੰਚਾਇਤ ਧਰਮਗੜ੍ਹ ਅਤੇ BDO ਮੋਹਾਲੀ ਵੱਲੋਂ ਇਸ ਰਸਤੇ ਨੂੰ ਜਲਦ ਪੱਕਾ ਨਾ ਕਰਵਾਇਆ ਗਿਆ ਤਾਂ ਬੀਬੀ ਗੁਰਮੀਤ ਕੌਰ ਆਪਣੇ ਪਰਿਵਾਰ ਸਮੇਤ BDPO ਮੋਹਾਲੀ ਦੇ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਵੇਗੀ। ਇਸ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਧਰਮਗੜ੍ਹ ਅਤੇ BDO ਮੋਹਾਲੀ ਦੀ ਹੋਵੇਗੀ।

Comments
Post a Comment