ਅਧਿਆਤਮਿਕ ਜਾਗ੍ਰਿਤੀ ਦੀ ਅਵਿਰਲ ਧਾਰਾ ਵਿੱਚ ਸੰਪੰਨ ਹੋਇਆ 79ਵਾਂ ਨਿਰੰਕਾਰੀ ਸੰਤ ਸਮਾਗਮ
ਬ੍ਰਹਮਗਿਆਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਹੀ ਅਸਲ ਜਾਗ੍ਰਿਤੀ ਹੈ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਚੰਡੀਗੜ੍ਹ/ਸਮਾਲਖਾ 27 ਅਕਤੂਬਰ ( ਰਣਜੀਤ ਧਾਲੀਵਾਲ ) : “ਬ੍ਰਹਮਗਿਆਨ ਦੀ ਅਸਲ ਸਾਰਥਕਤਾ ਇਸ ਨੂੰ ਜੀਵਨ ਵਿੱਚ ਅਪਣਾਉਣ ਅਤੇ ਆਪਣੇ ਵਿਚਾਰਾਂ, ਵਿਹਾਰ ਅਤੇ ਕਰਮਾਂ ਵਿੱਚ ਸ਼ਾਮਲ ਕਰਨ ਵਿੱਚ ਹੈ।” ਇਹ ਦਿਵਿਆ ਭਾਵ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸਮਾਪਤੀ ਦਿਵਸ ’ਤੇ ਲੱਖਾਂ ਦੀ ਗਿਣਤੀ ਵਿੱਚ ਹਾਜ਼ਰ ਸ਼ਰਧਾਲੂਆਂ ਨੂੰ ਆਪਣੇ ਪਾਵਨ ਅਸ਼ੀਰਵਚਨਾਂ ਰਾਹੀਂ ਪ੍ਰਦਾਨ ਕੀਤੇ। ਚੰਡੀਗੜ੍ਹ ਟ੍ਰਾਈਸਿਟੀ ਦੇ ਸ਼ਰਧਾਲੂ ਭਗਤ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੇ-ਆਪਣੇ ਘਰਾਂ ਅਤੇ ਸ਼ਹਿਰਾਂ ਵੱਲ ਖੁਸ਼ੀ-ਖੁਸ਼ੀ ਪਰਤੇ। ਇਸ ਸਮਾਗਮ ਵਿੱਚ ਚੰਡੀਗੜ੍ਹ ਨੂੰ ਬਾਲ ਪ੍ਰਦਰਸ਼ਨੀ ਦੀ ਸੇਵਾ ਸੌਂਪੀ ਗਈ ਸੀ, ਜਿਸ ਵਿੱਚ ਬੱਚਿਆਂ ਨੂੰ ਅਧਿਆਤਮਿਕ ਜਾਗ੍ਰਿਤੀ ਨਾਲ ਜੋੜਨ ਵਾਲੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ। ਇਸ ਦੇ ਨਾਲ ਹੀ ਇੱਕ ਕੈਂਟੀਨ ਦੀ ਸੇਵਾ ਵੀ ਦਿੱਤੀ ਗਈ ਸੀ। ਇਸ ਸਮਾਗਮ ਦਾ ਨਜ਼ਾਰਾ ਸਵਰਗ ਵਰਗਾ ਸੀ।
‘ਜਾਗ੍ਰਿਤੀ’ ਦੀਆਂ ਅਧਿਆਤਮਿਕ ਪ੍ਰੇਰਨਾਵਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰਕੇ ਆਪਣੇ ਉਥਾਨ ਦੇ ਨਾਲ-ਨਾਲ ਜਗਤ ਕਲਿਆਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਇਹ ਪਾਵਨ ਸੰਤ ਸਮਾਗਮ ਬੀਤੀ ਰਾਤ ਪ੍ਰੇਮ, ਭਗਤੀ ਅਤੇ ਸ਼ਰਧਾ ਨਾਲ ਭਰਪੂਰ ਮਾਹੌਲ ਵਿੱਚ ਸੰਪੰਨ ਹੋਇਆ। ਸਮਾਗਮ ਤੋਂ ਅਧਿਆਤਮਿਕ ਪ੍ਰੇਰਨਾ ਅਤੇ ਮਿੱਠੀਆਂ ਯਾਦਾਂ ਲੈ ਕੇ ਸ਼ਰਧਾਲੂ ਭਗਤਜਨ ਹੌਲੀ-ਹੌਲੀ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋਣ ਲੱਗੇ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਿਸ਼ਾਲ ਮਾਨਵ ਪਰਿਵਾਰ ਨੂੰ ਸੰਬੋਧਨ ਕਰਦਿਆਂ ਆਪਣੇ ਪਾਵਨ ਪ੍ਰਵਚਨਾਂ ਵਿੱਚ ਫ਼ਰਮਾਇਆ ਕਿ ‘ਜਾਗ੍ਰਿਤੀ’ ਕੇਵਲ ਸਤਿਸੰਗ ਜਾਂ ਸਮਾਗਮ ਤੱਕ ਸੀਮਿਤ ਨਹੀਂ ਹੈ, ਸਗੋਂ ਜੀਵਨ ਦੇ ਹਰ ਪਲ ਵਿੱਚ ਨਿਰਾਕਾਰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਦਿਆਂ ਜੀਵਨ ਬਤੀਤ ਕਰਨ ਦਾ ਨਾਮ ਹੈ। ਬ੍ਰਹਮਗਿਆਨ ਦੀ ਅਸਲ ਸਾਰਥਕਤਾ ਉਦੋਂ ਹੀ ਹੈ, ਜਦੋਂ ਅਸੀਂ ਇਸ ਨੂੰ ਆਪਣੇ ਵਿਚਾਰਾਂ, ਵਿਹਾਰ ਅਤੇ ਕਰਮਾਂ ਵਿੱਚ ਅਪਣਾਉਂਦੇ ਹਾਂ। ਸਤਿਗੁਰੂ ਮਾਤਾ ਜੀ ਨੇ ਸਕਾਰਾਤਮਕ ਸੋਚ, ਪ੍ਰੇਮ, ਕਰੁਣਾ ਅਤੇ ਨਿਮਰਤਾ ਅਪਣਾਉਣ ਦੇ ਨਾਲ-ਨਾਲ ਦੂਜਿਆਂ ਦੀਆਂ ਕਮੀਆਂ ਦੀ ਬਜਾਏ ਉਨ੍ਹਾਂ ਦੇ ਗੁਣਾਂ ਨੂੰ ਦੇਖਣ ਦੀ ਪ੍ਰੇਰਨਾ ਦਿੱਤੀ। ਸੱਚੀ ਜਾਗ੍ਰਿਤੀ ਦੀ ਸ਼ੁਰੂਆਤ ਆਪਣੇ ਘਰ-ਪਰਿਵਾਰ ਅਤੇ ਨਿੱਜੀ ਜੀਵਨ ਤੋਂ ਹੁੰਦੀ ਹੈ। ਸੇਵਾ, ਸਿਮਰਨ ਅਤੇ ਸਤਿਸੰਗ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਮੰਨਦਿਆਂ ਹਰ ਸਥਿਤੀ ਵਿੱਚ ਪਰਮਾਤਮਾ ਦਾ ਅਹਿਸਾਸ ਬਣਾਈ ਰੱਖਣਾ ਹੀ ਜੀਵਨ ਨੂੰ ਸੁਖਮਈ ਅਤੇ ਅਧਿਆਤਮਿਕ ਤੌਰ ’ਤੇ ਸਮਰੱਥ ਬਣਾਉਂਦਾ ਹੈ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ, ਸਤਿਕਾਰਯੋਗ ਜੋਗਿੰਦਰ ਸੁਖੀਜਾ ਜੀ ਨੇ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜ ਪਿਤਾ ਜੀ ਦੇ ਪਾਵਨ ਦਰਸ਼ਨ ਕਰਕੇ ਉਨ੍ਹਾਂ ਦੇ ਦਿਵਿਆ ਅਸ਼ੀਰਵਾਦ ਲਈ ਆਪਣਾ ਧੰਨਵਾਦ ਪ੍ਰਗਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਸਾਧ-ਸੰਗਤ ਅਤੇ ਸਮਾਗਮ ਦੇ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਰਕਾਰੀ ਵਿਭਾਗਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸਾਲ ਸਮਾਗਮ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ ਵੀ ਸੰਗਤ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦੀ ਮੰਗਲ ਕਾਮਨਾ ਕੀਤੀ।ਕਵੀ ਦਰਬਾਰ
ਇਸ ਸਾਲ ਸਮਾਗਮ ਦੇ ਚਾਰੇ ਦਿਨ ਆਯੋਜਿਤ ਕਵੀ ਦਰਬਾਰ ਵਿੱਚ ਬਾਲ ਕਵੀਆਂ ਸਮੇਤ ਮਹਿਲਾ ਅਤੇ ਪੁਰਸ਼ ਕਵੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜੋ ਸਮਾਗਮ ਦਾ ਇੱਕ ਮੁੱਖ ਆਕਰਸ਼ਣ ਰਿਹਾ। ਇਸ ਮੌਕੇ 80 ਕਵੀਆਂ ਨੇ ‘ਜਾਗ੍ਰਿਤੀ’ ਵਿਸ਼ੇ ’ਤੇ ਆਧਾਰਿਤ ਆਪਣੀਆਂ ਮੌਲਿਕ ਕਵਿਤਾਵਾਂ ਹਿੰਦੀ, ਰਾਜਸਥਾਨੀ, ਪੰਜਾਬੀ, ਅੰਗਰੇਜ਼ੀ, ਹਰਿਆਣਵੀ, ਮੁਲਤਾਨੀ, ਮਰਾਠੀ, ਭੋਜਪੁਰੀ ਅਤੇ ਸੰਸਕ੍ਰਿਤ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕੀਤੀਆਂ। ਇਨ੍ਹਾਂ ਭਾਵਪੂਰਨ ਕਾਵਿ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਸਾਰਿਆਂ ਨੇ ਇਸ ਆਯੋਜਨ ਦਾ ਭਰਪੂਰ ਆਨੰਦ ਮਾਣਿਆ। ਇਸ ਤਰ੍ਹਾਂ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਤਿਗੁਰੂ ਦੇ ਦਿਵਿਆ ਸੰਦੇਸ਼, ਪ੍ਰੇਮ, ਭਗਤੀ ਅਤੇ ਮਾਨਵਤਾ ਦੇ ਭਾਵਾਂ ਨਾਲ ਭਰਪੂਰ ਮਾਹੌਲ ਵਿੱਚ ਸੰਪੰਨ ਹੋਇਆ। ਨਿਸ਼ਚਿਤ ਤੌਰ ’ਤੇ ਇਹ ਪਾਵਨ ਸੰਤ ਸਮਾਗਮ ਅਧਿਆਤਮਿਕ ਜਾਗ੍ਰਿਤੀ ਅਤੇ ਸਦਭਾਵਨਾ ਦਾ ਇੱਕ ਅਨੋਖਾ ਸੰਗਮ ਬਣਿਆ, ਜਿਸ ਨੇ ਅਨੇਕਤਾ ਵਿੱਚ ਏਕਤਾ ਅਤੇ ਸਮੁੱਚੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਦਿਵਿਆ ਸੰਦੇਸ਼ ਦਿੱਤਾ।

Comments
Post a Comment