ਰਾਵਣ-ਅੰਗਦ ਸੰਵਾਦ ਅਤੇ ਲਕਸ਼ਮਣ ਦੇ ਮੂਰਛਿਤ ਹੋਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ
ਸੈਕਟਰ 49 ਦੇ ਦੁਸਹਿਰਾ ਮਹੋਤਸਵ ਵਿੱਚ 70 ਫੁੱਟ ਉੱਚੇ ਰਾਵਣ ਦਹਨ ਬਣ ਰਿਹਾ ਹੈ ਖਿੱਚ ਦਾ ਕੇਂਦਰ
ਚੰਡੀਗੜ੍ਹ 18 ਅਕਤੂਬਰ ( ਰਣਜੀਤ ਧਾਲੀਵਾਲ ) : ਸੈਕਟਰ-49 ਬੀ ਸਥਿਤ ਸਬਜ਼ੀ ਮੰਡੀ ਮੈਦਾਨ ਵਿੱਚ ਦਿਵਯ ਰਾਮਾਇਣ ਯੁਵਾ ਕਲਾ ਮੰਚ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਰਾਮਲੀਲਾ ਅਤੇ ਦੁਸਹਿਰਾ ਮਹੋਤਸਵ-2026 ਦੇ ਨੌਵੇਂ ਦਿਨ ਰਾਮਾਇਣ ਦੇ ਮਹੱਤਵਪੂਰਨ ਅਤੇ ਰੋਮਾਂਚਕ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਰਾਵਣ-ਅੰਗਦ ਸੰਵਾਦ, ਲਕਸ਼ਮਣ ਦੇ ਮੂਰਛਿਤ ਹੋਣ ਅਤੇ ਹਨੂੰਮਾਨ ਜੀ ਵੱਲੋਂ ਸੰਜੀਵਨੀ ਬੂਟੀ ਲਿਆਉਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਅਤੇ ਉਤਸ਼ਾਹਿਤ ਕਰ ਦਿੱਤਾ। ਰਾਵਣ ਦੇ ਦਰਬਾਰ ਵਿੱਚ ਅੰਗਦ ਦੇ ਦ੍ਰਿੜ੍ਹ ਵਿਸ਼ਵਾਸ ਅਤੇ ਭਗਵਾਨ ਸ਼੍ਰੀ ਰਾਮ ਪ੍ਰਤੀ ਅਟੁੱਟ ਸ਼ਰਧਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਲਕਸ਼ਮਣ ਦੇ ਮੂਰਛਿਤ ਹੋਣ ਦਾ ਦ੍ਰਿਸ਼ ਦੇਖ ਕੇ ਦਰਸ਼ਕ ਭਾਵੁਕ ਹੋ ਗਏ, ਜਦਕਿ ਹਨੂੰਮਾਨ ਜੀ ਵੱਲੋਂ ਸੰਜੀਵਨੀ ਬੂਟੀ ਲਿਆਉਣ ਅਤੇ ਲਕਸ਼ਮਣ ਦੇ ਮੁੜ ਹੋਸ਼ ਵਿੱਚ ਆਉਣ ਦੇ ਪ੍ਰਸੰਗ ਨੇ ਪੂਰੇ ਪੰਡਾਲ ਨੂੰ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਣ ਲਾ ਦਿੱਤਾ। ਇਸ ਤੋਂ ਇਲਾਵਾ ਵਿਭੀਸ਼ਣ ਨੂੰ ਲੰਕਾ ਵਿੱਚੋਂ ਕੱਢੇ ਜਾਣ ਦੇ ਦ੍ਰਿਸ਼ ਰਾਹੀਂ ਸੱਚਾਈ, ਧਰਮ ਅਤੇ ਨਿਆਂ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।
ਰਾਮਲੀਲਾ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ ਅਤੇ 20 ਅਕਤੂਬਰ ਨੂੰ ਹੋਣ ਵਾਲੇ ਦੁਸਹਿਰਾ ਮਹੋਤਸਵ ਨੂੰ ਲੈ ਕੇ ਟ੍ਰਾਈਸਿਟੀ ਵਿੱਚ ਸ਼ਰਧਾਲੂਆਂ ਅੰਦਰ ਭਾਰੀ ਉਤਸ਼ਾਹ ਹੈ। ਮਹੋਤਸਵ ਲਈ ਪ੍ਰਵੇਸ਼ ਪਾਸਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਪ੍ਰਬੰਧਕ ਕਮੇਟੀ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਪ੍ਰਵੇਸ਼ ਪਾਸ ਨਹੀਂ ਮਿਲਦਾ ਤਾਂ ਉਹ ਜਨਤਕ ਦਰਸ਼ਕ ਸਥਾਨਾਂ ਤੋਂ ਵੀ ਰਾਵਣ ਦਹਨ ਦਾ ਆਨੰਦ ਮਾਣ ਸਕਦਾ ਹੈ। ਇਸ ਸਾਲ ਮਹੋਤਸਵ ਦੌਰਾਨ 70 ਫੁੱਟ ਉੱਚੇ ਰਾਵਣ ਅਤੇ 65-65 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦਾ ਦਹਨ ਕੀਤਾ ਜਾਵੇਗਾ। ਜਲੂਸ ਦੁਪਹਿਰ 3 ਵਜੇ ਸ਼ੁਰੂ ਹੋਵੇਗਾ, ਜਦਕਿ ਰਾਵਣ ਦਹਨ ਸ਼ਾਮ 6 ਵਜੇ ਕੀਤਾ ਜਾਵੇਗਾ। ਇਸ ਮੌਕੇ ਵਾਤਾਵਰਨ ਪੱਖੀ ਹਰੇ ਪਟਾਕਿਆਂ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਮਾਗਮ ਵਿੱਚ ਸੰਜੇ ਟੰਡਨ ਅਤੇ ਭਜਨ ਗਾਇਕ ਕਨ੍ਹਈਆ ਮਿੱਤਲ ਸਮੇਤ ਕਈ ਪਤਵੰਤੇ ਸ਼ਿਰਕਤ ਕਰਨਗੇ। ਕਮੇਟੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵਿਜੈਦਸ਼ਮੀ ਦੇ ਪਵਿੱਤਰ ਮੌਕੇ ’ਤੇ ਇਕਜੁੱਟ ਹੋ ਕੇ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲੈਣ।
ਰਾਮਲੀਲਾ ਵਿੱਚ ਸੁਮਿਤ ਸੇਠੀ ਭਗਵਾਨ ਸ਼੍ਰੀ ਰਾਮ, ਸ਼ੁਭਰਾ ਸਿੰਘ ਮਾਤਾ ਸੀਤਾ, ਆਸ਼ੀਸ਼ ਰੌਤੇਲਾ ਲਕਸ਼ਮਣ ਅਤੇ ਪ੍ਰਸ਼ਾਂਤ ਹਨੂੰਮਾਨ ਜੀ ਦੀ ਭੂਮਿਕਾ ਨਿਭਾ ਰਹੇ ਹਨ। ਰਾਵਣ ਅਤੇ ਰਾਜਾ ਦਸ਼ਰਥ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਸ਼ਵਨੀ ਸ਼ਰਮਾ ਚੰਡੀਗੜ੍ਹ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਫ਼ਿਲਮਾਂ ਅਤੇ ਪੰਜਾਬੀ ਲੜੀਵਾਰਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਕਲਾਕਾਰਾਂ ਦੇ ਪ੍ਰਭਾਵਸ਼ਾਲੀ ਅਭਿਨੈ ਨੇ ਰਾਮਲੀਲਾ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ।


Comments
Post a Comment