ਬਾਦਲ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹਾਂ; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਸਿਧਾਂਤਾਂ ਤੋਂ ਬਿਨਾਂ ਕੋਈ ਏਕਤਾ ਸੰਭਵ ਨਹੀਂ : ਕਰਨੈਲ ਸਿੰਘ ਪੀਰ ਮੁਹੰਮਦ
ਬਾਦਲ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹਾਂ; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਸਿਧਾਂਤਾਂ ਤੋਂ ਬਿਨਾਂ ਕੋਈ ਏਕਤਾ ਸੰਭਵ ਨਹੀਂ : ਕਰਨੈਲ ਸਿੰਘ ਪੀਰ ਮੁਹੰਮਦ "ਪੰਥ ਅਤੇ ਪੰਜਾਬ ਦੀ ਬੁਲੰਦੀ ਲਈ ਚਾਰੇ ਧੜੇ ਇੱਕਜੁੱਟ ਹੋਣ; ਪ੍ਰਧਾਨਗੀਆਂ ਤੋਂ ਉੱਪਰ ਉੱਠ ਕੇ ਕੁਰਬਾਨੀ ਕਰਨ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਿਆਰ: ਦਵਿੰਦਰ ਸਿੰਘ ਸੋਢੀ"
ਸ਼੍ਰੋਮਣੀ ਅਕਾਲੀ ਦਲ ਅੰਦਰ ਏਕਤਾ ਸਰੀਰਾਂ ਦੀ ਨਹੀਂ, ਸਿਧਾਂਤਾਂ ਦੀ ਹੋਵੇਗੀ; ਨਿੱਜੀ ਮੁਫ਼ਾਦ ਵਾਲੇ ਲੋਕ ਅਸਲ ਏਕਤਾ ਨੂੰ ਕਰ ਰਹੇ ਹਨ ਤਾਰੋਪੀੜ: ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ)
ਚੰਡੀਗੜ੍ਹ 18 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਾਲੇ ਸਮਝੌਤੇ ਦੀਆਂ ਚੱਲ ਰਹੀਆਂ ਖ਼ਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੀ ਸੀਨੀਅਰ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਖਾਰਜ ਕਰਦਿਆਂ ਇਸ ਨੂੰ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਸਮਝੌਤੇ ਸਬੰਧੀ ਫੈਲਾਈਆਂ ਜਾ ਰਹੀਆਂ ਖ਼ਬਰਾਂ ਬੇਹੱਦ ਸਾਜ਼ਿਸ਼ੀ ਤਰੀਕੇ ਨਾਲ ਝੂਠਾ ਭਰਮ ਪੈਦਾ ਕਰਨ ਲਈ ਚਲਾਈਆਂ ਜਾ ਰਹੀਆਂ ਹਨ। ਗੁਰਪ੍ਰਤਾਪ ਸਿੰਘ ਵਡਾਲਾ (ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਨਕੋਦਰ) ਦੇ ਜਿਸ ਬਿਆਨ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਉਹ ਬਹੁਤ ਲੰਮਾ ਸਮਾਂ ਪਹਿਲਾਂ ਦਿੱਤਾ ਗਿਆ ਸੀ। ਉਸ ਬਿਆਨ ਵਿੱਚ ਵੀ ਵਡਾਲਾ ਨੇ ਸਪੱਸ਼ਟ ਕੀਤਾ ਸੀ ਕਿ 2 ਦਸੰਬਰ ਦੇ ਹੁਕਮਨਾਵੇ ਤੋਂ ਬਿਨਾਂ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ।
ਪੀਰ ਮੁਹੰਮਦ ਨੇ ਕਿਹਾ ਕਿ ਸਮੁੱਚਾ ਪੰਥ ਅਤੇ ਪੰਜਾਬੀ ਚਾਹੁੰਦੇ ਹਨ ਕਿ ਅਕਾਲੀ ਦਲ ਇੱਕਜੁੱਟ ਹੋਵੇ, ਪਰ ਕੁਝ ਲੋਕ ਆਪਣੇ ਨਿੱਜੀ ਮੁਫ਼ਾਦਾਂ ਕਰਕੇ ਅਸਲ ਪੰਥਕ ਏਕਤਾ ਨੂੰ ਤਾਰੋਪੀੜ ਕਰ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਅੰਦਰ ਏਕਤਾ ਸਰੀਰਾਂ ਦੀ ਨਹੀਂ, ਸਗੋਂ ਸਿਧਾਂਤਕ ਹੋ ਸਕਦੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਅਤੇ ਆਪਣੀਆਂ ਗਲਤੀਆਂ ਮੰਨਣ। ਹਾਲਾਂਕਿ, ਗਲਤੀਆਂ ਮੰਨਣ ਤੋਂ ਬਾਅਦ ਮੁਕਤਸਰ ਸਾਹਿਬ ਦੀ ਧਰਤੀ 'ਤੇ ਜਾ ਕੇ ਇਹ ਕਹਿਣਾ ਕਿ "ਮੈਂ ਤਾਂ ਐਵੇਂ ਹੀ ਮੰਨ ਆਇਆ, ਮੈਂ ਕੋਈ ਗੁਨਾਹ ਨਹੀਂ ਕੀਤਾ", ਨੇ ਸਥਿਤੀ ਨੂੰ ਗੰਭੀਰ ਬਣਾਇਆ ਹੈ। ਅਜਿਹੇ ਹਾਲਾਤ ਵਿੱਚ ਬਿਨਾਂ ਸਿਧਾਂਤਾਂ ਦੇ ਕੀਤੀ ਏਕਤਾ ਦਾ ਨਾ ਪੰਥ ਨੂੰ ਫਾਇਦਾ ਹੈ, ਨਾ ਪੰਜਾਬ ਨੂੰ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਉਹਨਾਂ ਨੇ ਪਾਰਟੀ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪ੍ਰਮੁੱਖ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਉਹਨਾਂ ਕਿਹਾ ਕਿ ਪੰਥਕ ਏਕਤਾ ਲਈ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਚਾਰੇ ਪ੍ਰਮੁੱਖ ਧੜਿਆਂ ਵਿੱਚ ਸੁਚੱਜੇ ਢੰਗ ਨਾਲ ਏਕਤਾ ਹੋਣੀ ਚਾਹੀਦੀ ਹੈ। ਭਾਈ ਸੋਢੀ ਨੇ ਕਿਹਾ ਕਿ ਅੱਜ ਆਗੂਆਂ ਨੂੰ ਪ੍ਰਧਾਨਗੀਆਂ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੀ ਆਵਾਜ਼ ਬਣਨ ਦੀ ਲੋੜ ਹੈ। ਅੱਜ ਪੰਜਾਬ ਨਸ਼ਿਆਂ ਦੇ ਪ੍ਰਕੋਪ, ਕਰਜ਼ੇ ਦੀਆਂ ਪੰਡਾਂ ਅਤੇ ਕਾਨੂੰਨ ਵਿਵਸਥਾ ਦੀ ਖ਼ਰਾਬ ਸਥਿਤੀ ਨਾਲ ਜੂਝ ਰਿਹਾ ਹੈ। ਮੌਜੂਦਾ ਸਰਕਾਰ ਦੇ ਸ਼ਾਸਨ ਵਿੱਚ ਅਫ਼ਸਰਸ਼ਾਹੀ ਬੇਕਾਬੂ ਹੋ ਚੁੱਕੀ ਹੈ ਅਤੇ ਪਰਮਿੰਦਰ ਸਿੰਘ ਝੋਟੇ ਦਾ ਕਤਲ ਵਿਗੜ ਰਹੀ ਲਾਅ ਐਂਡ ਆਰਡਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਘਰਾਂ, ਸ਼ਹਿਰਾਂ, ਕਸਬਿਆਂ ਅਤੇ ਵਿਦਿਅਕ ਅਦਾਰਿਆਂ ਤੱਕ ਨਸ਼ਿਆਂ ਦੀ ਭਰਮਾਰ ਨੇ ਜਵਾਨੀ ਦਾ ਭਵਿੱਖ ਤਬਾਹ ਕਰ ਦਿੱਤਾ ਹੈ।
ਉਹਨਾਂ ਚਿੰਤਾ ਪ੍ਰਗਟਾਈ ਕਿ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਹਦ ਸਿਆਸੀ ਤੇ ਧਾਰਮਿਕ ਜਮਾਤ ਸੀ, ਉਹ ਅੱਜ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚੋਂ ਅਲੱਗ-ਥਲੱਗ ਨਜ਼ਰ ਆ ਰਹੀ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਨੂੰ ਕਿਸੇ ਹੋਰ ਧਿਰ ਨਾਲ ਗਠਜੋੜ ਕਰਨ ਤੋਂ ਗੁਰੇਜ਼ ਕਰਕੇ ਆਪਸੀ ਏਕਤਾ ਕਰਨੀ ਚਾਹੀਦੀ ਹੈ। ਇਸ ਏਕਤਾ ਵਿੱਚ ਪ੍ਰਧਾਨਗੀ ਰੋੜਾ ਨਹੀਂ ਬਣਨੀ ਚਾਹੀਦੀ ਅਤੇ ਜੇਕਰ ਇਸ ਲਈ ਤਿਆਗ ਦੀ ਲੋੜ ਹੈ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਰ ਵਕਤ ਤਿਆਗ ਲਈ ਤਿਆਰ ਹਨ।

Comments
Post a Comment