ਬਾਬਾ ਕਰਮ ਸਿੰਘ ਚੀਮਾ ਦੀ ਬਰਸੀ ਮੌਕੇ ਯਾਦਗਾਰੀ ਸਮਾਗਮ
ਚੀਮਾ ਜੀ ਦੇ ਜੀਵਨ ਤੋਂ ਸੇਧ ਲੈਣਾ ਸਮੇਂ ਦੀ ਲੋੜ : ਸੇਖੋਂ-ਬਰਾੜ
ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਪ੍ਰਸਿੱਧ ਗਦਰੀ , ਇਨਕਲਾਬੀ ਤੇ ਤਮਾਮ ਉਮਰ ਲੋਕਾਈ ਦੇ ਲੇਖੇ ਲਾਉਣ ਵਾਲੇ ਬਾਬਾ ਕਰਮ ਸਿੰਘ ਚੀਮਾ ਦੀ ਦੇ158ਵੇਂ ਜਨਮ ਦਿਨ ਤੇ 57ਵੀਂ ਬਰਸੀ ਮੌਕੇ ਯਾਦਗਾਰੀ ਸਮਾਗਮ ਬਾਬਾ ਕਰਮ ਸਿੰਘ ਚੀਮਾ ਭਵਨ ਸੈਕਟਰ 30 -ਬੀ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਚੀਮਾ ਜੀ ਦਾ ਜਨਮ ਤੇ ਮੌਤ ਇੱਕ ਹੀ ਦਿਨ ਹੋਏ ਸਨ । ਸੀਪੀਆਈ (ਐਮ) ਦੀ ਚੰਡੀਗੜ੍ਹ ਤੇ ਮੋਹਾਲੀ ਜ਼ਿਲ੍ਹਾ ਕਮੇਟੀ ਦੀ ਪਹਿਲ ਕਦਮੀ ਸਦਕਾ ਕਰਵਾਏ ਇਸ ਸਮਾਗਮ ਵਿੱਚ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਕੌਮੀ ਸਕੱਤਰ ਬੰਤ ਬਰਾੜ , ਸੀਪੀਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਭੂਪ ਚੰਦ ਚੰਨੋਂ , ਗੁਰਦਰਸ਼ਨ ਸਿੰਘ ਖਾਸਪੁਰ, ਚੰਡੀਗੜ੍ਹ ਇਕਾਈ ਦੇ ਜ਼ਿਲ੍ਹਾ ਸਕੱਤਰ ਸ਼ਹਿਨਾਜ਼ ਗੋਰਸੀ , ਮੋਹਾਲੀ ਦੇ ਜ਼ਿਲ੍ਹਾ ਸਕੱਤਰ ਚੰਦਰਪਾਲ ਲਾਲੜੂ, ਸੀਪੀਆਈ ਆਗੂ ਕਾਮਰੇਡ ਰਾਜਕੁਮਾਰ ਤੇ ਦੇਵੀ ਦਿਆਲ , ਪੰਜਾਬ ਯੂਨੀਵਰਸਿਟੀ ਦੇ ਸੈਂਨੇਟਰ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸੰਬੋਧਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਚੀਮਾ ਜੀ ਦੀ ਲਿਆਕਤ ਤੇ ਸਿਆਣਪ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੀ ਉਨ੍ਹਾਂ ਦੇ ਮੁਰੀਦ ਸਨ। ਉਨ੍ਹਾਂ ਦੱਸਿਆ ਕਿ ਸਾਲ 1868 ਵਿਚ ਜਨਮੇ ਚੀਮਾ ਜੀ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਦੇ ਨਾਲ -ਨਾਲ ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀ ਦੇ ਮੁੱਦੇ ਜੋਰ-ਸੋਰ ਨਾਲ ਉਠਾਏ ਸਨ । ਇਸ ਦੇ ਨਾਲ ਹੀ ਜਲੰਧਰ ਸਥਿਤ ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਅੰਤ ਤੱਕ ਉਹ ਇਸ ਹਾਲ ਵਿੱਚ ਅਹੁਦੇਦਾਰ ਰਹਿੰਦਿਆਂ ਆਪਣੀ ਭੂਮਿਕਾ ਨਿਭਾਉਂਦੇ ਰਹੇ । ਉਨ੍ਹਾਂ ਕਿਹਾ ਕਿ ਕਾਮਰੇਡ ਚੀਮਾ ਜੀ ਦੇ ਜੀਵਨ ਤੋਂ ਸੇਧ ਲੈਣਾ ਸਮੇਂ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕਾਮਰੇਡ ਚੀਮਾ ਨੂੰ ਅਸਲ ਸ਼ਰਧਾਂਜਲੀ ਤਹਿਤ ਆਰ ਐਸ ਐਸ ਨੂੰ ਵਿਚਾਰਧਾਰਕ ਤੌਰ ਉਤੇ ਨਿਖੇੜਣ ਅਤੇ ਰਾਜਨੀਤਕ ਤੌਰ ਉਤੇ ਹਰਾਉਣ ਦੀ ਬੇਹੱਦ ਲੋੜ ਹੈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸਾਰੀਆਂ ਵਿਦਿਅਕ ਤੇ ਸੰਵਿਧਾਨਕ ਸੰਸਥਾਵਾਂ ਉਤੇ ਕਬਜ਼ਾ ਕਰ ਲਿਆ ਹੈ ਤੇ ਭਾਜਪਾ ਸਮੁੱਚੇ ਦੇਸ਼ ਨੂੰ ਇੱਕ ਰੰਗ ਵਿਚ ਰੰਗਣ ਦੀ ਕੌਸ਼ਿਸ਼ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਲੋਕ ਜਾਗ ਰਹੇ ਹਨ ਤੇ ਉਹ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਉਖਾੜਣ ਲਈ ਤਿਆਰ ਬੈਠੇ ਹਨ ।

Comments
Post a Comment