ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਸੈਂਕੜੇ ਪਿੰਡਾਂ ਚ ਮੁੱਖ ਮੰਤਰੀ ਪੰਜਾਬ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ ਗਏ
ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਸੈਂਕੜੇ ਪਿੰਡਾਂ ਚ ਮੁੱਖ ਮੰਤਰੀ ਪੰਜਾਬ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ ਗਏ
ਚੰਡੀਗੜ੍ਹ 25 ਅਕਤੂਬਰ ( ਰਣਜੀਤ ਧਾਲੀਵਾਲ ) : ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ 15 ਜਿਲਿਆਂ ਦੇ ਲਗਭਗ ਸਵਾ ਚਾਰ ਸੌ ਪਿੰਡਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਸ਼ਾ ਤਸਕਰਾਂ,ਸਿਆਸਤਦਾਨਾਂ ਤੇ ਪੁਲਿਸ ਗੱਠਜੋੜ ਦੇ ਪੁਤਲੇ ਫੂਕੇ ਗਏ ਤੇ ਪੰਜਾਬ ਸਰਕਾਰ ਵੱਲੋਂ ਲੋਕ ਆਵਾਜ਼ ਨੂੰ ਅਣਗੌਲੀ ਕਰਨ ਖਿਲਾਫ ਜ਼ੋਰਦਾਰ ਰੋਸ ਜ਼ਾਹਿਰ ਕੀਤਾ ਗਿਆ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੱਜ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਲੋਕ ਸੰਘਰਸ਼ ਦੇ ਸਮਰਥਨ ਚ ਕੀਤੇ ਜਾ ਰਹੇ ਐਕਸ਼ਨ ਨਾਲ ਤਾਲਮੇਲ ਕਰਦਿਆਂ ਇਹ ਐਕਸ਼ਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਐਕਸ਼ਨਾਂ ਵਿੱਚ ਮਰਦ ਕਿਸਾਨਾਂ ਅਤੇ ਔਰਤਾਂ ਤੋਂ ਇਲਾਵਾ ਕਈ ਥਾਵਾਂ 'ਤੇ ਖੇਤ ਮਜ਼ਦੂਰ ਹਿੱਸਿਆਂ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਮਾਰ ਲਈ ਇਹ ਤਿੰਨ ਧਿਰੀ ਗੱਠਜੋੜ ਜਿੰਮੇਵਾਰ ਹੈ ਤੇ ਇਸ ਵੇਲੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਗੱਠਜੋੜ ਦੀ ਪੁਸ਼ਤ ਮਨਾਹੀ ਕਰ ਰਹੀ ਹੈ। ਇਸ ਵੱਲੋਂ ਦਾਅਵਾ ਕੀਤਾ ਜਾਂਦਾ “ਯੁੱਧ ਨਸ਼ਿਆਂ ਵਿਰੁੱਧ” ਮਹਿਜ਼ ਇੱਕ ਡਰਾਮਾ ਹੈ ਤੇ ਉਲਟਾ ਇਹ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਸੇਧਤ ਹੈ। ਇਸ ਲਈ ਜਥੇਬੰਦੀ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਲਈ ਇਨਸਾਫ਼ ਦੀ ਮੰਗ ਤੇ ਹੋਰਨਾਂ ਮੰਗਾਂ ਲਈ ਪੰਜਾਬ ਸਰਕਾਰ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਨਿਸ਼ਾਨੇ 'ਤੇ ਰੱਖਦਿਆਂ ਇਹ ਐਕਸ਼ਨ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਐਕਸ਼ਨ ਦੌਰਾਨ ਮੰਗ ਕੀਤੀ ਗਈ ਕਿ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਓ। ਉਨਾਂ ਪਿਛਲੇ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆਓ ਤੇ ਉਹਨਾਂ ‘ਤੇ ਕਾਰਵਾਈ ਕਰੋ। ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਦੋ ਕਰੋੜ ਦਾ ਮੁਆਵਜ਼ਾ ਦਿਓ। ਪਰਮਿੰਦਰ ਸਿੰਘ ਦੀ ਪਤਨੀ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਿੱਤੀ ਜਾਵੇ। ਜਖਮੀਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿਓ। ਨਸ਼ਾ ਤਸਕਰਾਂ, ਸਿਆਸਤਦਾਨਾਂ, ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਨੂੰ ਖਿੰਡਾਓ। ਇਸ ਧੰਦੇ ‘ਚ ਗਲਤਾਨ ਸਭਨਾਂ ਨੂੰ ਸਖਤ ਸਜਾਵਾਂ ਦਿਓ। ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜੋ। ਮੁਲਕ ਅੰਦਰ ਬਣਾਏ ਜਾਂਦੇ ਸੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਾਓ ਤੇ ਸਰਹੱਦਾਂ ‘ਤੇ ਸਖਤੀ ਕਰੋ। ਸ਼ਰਾਬ ਦੀ ਵਿਕਰੀ ਕਰਕੇ ਸਰਕਾਰੀ ਖਜ਼ਾਨਾ ਭਰਨ ਦੀ ਨੀਤੀ ਬੰਦ ਕਰੋ। ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ। ਉਹਨਾਂ ਦੇ ਮੁੜ-ਵਸੇਬੇ ਦੀ ਅਸਰਦਾਰ ਨੀਤੀ ਬਣਾਓ। ਮੁੜ ਵਸੇਵੇ ਲਈ ਵਿੱਤੀ ਸਹਾਇਤਾ ਦਿਓ। ਨਸ਼ਾ ਤਸਕਰੀ ਦੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨੇ ‘ਤੇ ਰੱਖੋ ਤੇ ਜੇਲਾਂ ‘ਚ ਸੁੱਟੋ। ਯੁੱਧ ਲੋਕਾਂ ਵਿਰੁੱਧ ਫੌਰੀ ਰੋਕੋ ਤੇ ਇਸ ਨੂੰ ਨਸ਼ਾ ਤਸਕਰੀ ਦੇ ਗੱਠਜੋੜ ਖਿਲਾਫ ਚਲਾਉ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰੋ ਤੇ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਮੁਆਵਜਾ ਦਿਓ।

Comments
Post a Comment