ਆਓ, ਅਸੀਂ ਸਾਰੇ ਮਿਲ ਕੇ ਬੁਰਾਈ ਰੂਪੀ ਰਾਵਣ 'ਤੇ ਜਿੱਤ ਪ੍ਰਾਪਤ ਕਰਨ ਦਾ ਸੰਕਲਪ ਲਈਏ : ਗੁਲਾਬ ਚੰਦ ਕਟਾਰੀਆ
ਚੰਡੀਗੜ੍ਹ 20 ਅਕਤੂਬਰ ( ਰਣਜੀਤ ਧਾਲੀਵਾਲ ) : ਸ੍ਰੀ ਨਿਊ ਤਿਰੂਪਤੀ ਬਾਲਾ ਜੀ ਸੰਸਥਾਨ ਵੱਲੋਂ ਸੈਕਟਰ 48 ਸਥਿਤ ਦੁਸਹਿਰਾ ਗਰਾਊਂਡ ਵਿਖੇ ਵਿਜੈਦਸ਼ਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਵਿਜੈਦਸ਼ਮੀ ਦੇ ਪਵਿੱਤਰ ਮੌਕੇ 'ਤੇ ਨਿਊ ਤਿਰੂਪਤੀ ਬਾਲਾ ਜੀ ਸੰਸਥਾਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਦੇਵੇਸ਼ ਮੌਦਗਿਲ, ਚੇਅਰਮੈਨ ਹਨੀਤ ਸਿੰਘ, ਪ੍ਰਧਾਨ ਮੁਕੇਸ਼ ਕਪੂਰ, ਜਨਰਲ ਸਕੱਤਰ ਨਿਰਮਲ ਸਿੰਘ, ਉਪ ਪ੍ਰਧਾਨ ਮਨੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਵਿਸ਼ੇਸ਼ ਮਹਿਮਾਨਾਂ ਵਜੋਂ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਐਡੀਸ਼ਨਲ ਸਾਲਿਸਿਟਰ ਜਨਰਲ ਸੱਤਿਆ ਪਾਲ ਜੈਨ, ਪੰਜਾਬ ਪੁਲਿਸ ਦੇ ਏਡੀਜੀਪੀ ਅਜੇ ਕੁਮਾਰ ਪਾਂਡੇ, ਹਰਿਆਣਾ ਦੇ ਸਾਬਕਾ ਡੀਜੀਪੀ ਕੇ.ਕੇ. ਮਿਸ਼ਰਾ, ਚੰਡੀਗੜ੍ਹ ਦੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਅਤੇ ਨਿਊ ਤਿਰੂਪਤੀ ਬਾਲਾ ਜੀ ਸੰਸਥਾਨ ਦੇ ਚੇਅਰਮੈਨ ਹਨੀਤ ਸਿੰਘ ਹਾਜ਼ਰ ਸਨ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਾਸੀਆਂ ਨੂੰ ਵਿਜੈਦਸ਼ਮੀ ਦੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਮੌਕੇ ਸਾਨੂੰ ਸਾਰਿਆਂ ਨੂੰ ਨਸ਼ਿਆਂ ਰੂਪੀ ਸਮਾਜਿਕ ਰਾਵਣ, ਜਿਸ ਨੇ ਹਜ਼ਾਰਾਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ, ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਜੜ੍ਹੋਂ ਖ਼ਤਮ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਪ੍ਰਸ਼ਾਸਕ ਕਟਾਰੀਆ ਨੇ ਨਿਊ ਤਿਰੂਪਤੀ ਬਾਲਾ ਜੀ ਸੰਸਥਾਨ ਵੱਲੋਂ ਵਿਜੈਦਸ਼ਮੀ ਦੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਸੰਸਥਾਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਅਤੇ ਚੇਅਰਮੈਨ ਹਨੀਤ ਸਿੰਘ ਨੂੰ ਵਧਾਈ ਦਿੱਤੀ।
ਇਸ ਮੌਕੇ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਐਡੀਸ਼ਨਲ ਸਾਲਿਸਿਟਰ ਜਨਰਲ ਸੱਤਿਆ ਪਾਲ ਜੈਨ ਨੇ ਹਾਜ਼ਰ ਸਮੂਹ ਨਾਗਰਿਕਾਂ ਨੂੰ ਬੁਰਾਈ ਉੱਤੇ ਚੰਗਿਆਈ ਅਤੇ ਝੂਠ ਉੱਤੇ ਸੱਚ ਦੀ ਜਿੱਤ ਦੇ ਪ੍ਰਤੀਕ ਵਿਜੈਦਸ਼ਮੀ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਸੱਦਾ ਦਿੱਤਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ ਜੀਵਨ ਅਤੇ ਉਨ੍ਹਾਂ ਦੇ ਉੱਚੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।

Comments
Post a Comment