ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਗੌਰਵ ਚੌਹਾਨ ਨੂੰ ਸੌਂਪੀ ਗਈ ਮੋਹਾਲੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ
ਕੌਮੀ ਪ੍ਰਧਾਨ ਪਵਨ ਗੁਪਤਾ ਨੇ ਭਗਵਾ ਸਿਰੋਪਾ ਪਾ ਕੇ ਪਾਰਟੀ ਵਿੱਚ ਕੀਤਾ ਸ਼ਾਮਲ, ਅਖਿਲੇਸ਼ ਸਿੰਘ ਨੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਪ੍ਰਗਟਾਇਆ ਵਿਸ਼ਵਾਸ
ਐਸ.ਏ.ਐਸ.ਨਗਰ 1 ਨਵੰਬਰ ( ਰਣਜੀਤ ਧਾਲੀਵਾਲ ) : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸੰਗਠਨ ਦੇ ਵਿਸਥਾਰ ਦੀ ਦਿਸ਼ਾ ਵਿੱਚ ਕਦਮ ਚੁੱਕਦਿਆਂ ਗੌਰਵ ਚੌਹਾਨ ਨੂੰ ਮੋਹਾਲੀ ਜ਼ਿਲ੍ਹਾ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਵੱਲੋਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਅਖਿਲੇਸ਼ ਸਿੰਘ, ਇੰਚਾਰਜ ਜ਼ਿਲ੍ਹਾ ਰੋਪੜ-ਮੋਹਾਲੀ ਦੀ ਅਗਵਾਈ ਹੇਠ ਗੌਰਵ ਚੌਹਾਨ ਨੇ ਪਵਨ ਗੁਪਤਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗੌਰਵ ਚੌਹਾਨ ਨੇ ਪਾਰਟੀ ਦੀ ਵਿਚਾਰਧਾਰਾ, ਹਿੰਦੂਤਵ ਦੇ ਸਿਧਾਂਤਾਂ ਅਤੇ ਸਨਾਤਨ ਹਿੰਦੂ ਧਰਮ ਪ੍ਰਤੀ ਆਪਣੀ ਆਸਥਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਸਨਾਤਨ ਹਿੰਦੂ ਧਰਮ ਦੀ ਸੇਵਾ ਲਈ ਪਵਨ ਗੁਪਤਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਲਈ ਕੰਮ ਕਰਨਾ ਚਾਹੁੰਦੇ ਹਨ।
ਗੌਰਵ ਚੌਹਾਨ ਦੀਆਂ ਭਾਵਨਾਵਾਂ ਅਤੇ ਸੰਗਠਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦੇਖਦਿਆਂ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹਾ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਪਾਰਟੀ ਦਾ ਭਗਵਾ ਸਿਰੋਪਾ ਪਾ ਕੇ ਵਿਧੀਵਤ ਤੌਰ 'ਤੇ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਸ਼ਾਮਲ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਸੌਂਪ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਖਿਲੇਸ਼ ਸਿੰਘ ਨੇ ਗੌਰਵ ਚੌਹਾਨ ਨੂੰ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਕੌਮੀ ਪ੍ਰਧਾਨ ਪਵਨ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਗੌਰਵ ਚੌਹਾਨ ਦੇ ਸੰਗਠਨ ਵਿੱਚ ਸ਼ਾਮਲ ਹੋਣ ਨਾਲ ਜ਼ਿਲ੍ਹਾ ਮੋਹਾਲੀ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਵੀਂ ਗਤੀ ਮਿਲੇਗੀ ਅਤੇ ਸੰਗਠਨ ਨੂੰ ਹੋਰ ਸਰਗਰਮ ਤੇ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਮਿਲੇਗਾ। ਅਖਿਲੇਸ਼ ਸਿੰਘ ਨੇ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਅਤੇ ਦਮਖਮ ਨਾਲ ਲੜੇਗੀ। ਇਸ ਲਈ ਜ਼ਿਲ੍ਹਾ ਪੱਧਰ 'ਤੇ ਸੰਗਠਨ ਦਾ ਵਿਸਥਾਰ ਕਰਨ ਅਤੇ ਵਰਕਰਾਂ ਨੂੰ ਸਰਗਰਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Comments
Post a Comment