ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਪ੍ਰੋ. ਸੰਦੀਪ ਕੌਰ ਨੇ ਕੋਸਟਾ ਰੀਕਾ ਵਿੱਚ ਭਾਰਤ-ਕੋਸਟਾ ਰੀਕਾ ਦਰਮਿਆਨ ਅਕਾਦਮਿਕ ਸਹਿਯੋਗ ਨੂੰ ਦਿੱਤਾ ਹੁਲਾਰਾ
ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਪ੍ਰੋ. ਸੰਦੀਪ ਕੌਰ ਨੇ ਕੋਸਟਾ ਰੀਕਾ ਵਿੱਚ ਭਾਰਤ-ਕੋਸਟਾ ਰੀਕਾ ਦਰਮਿਆਨ ਅਕਾਦਮਿਕ ਸਹਿਯੋਗ ਨੂੰ ਦਿੱਤਾ ਹੁਲਾਰਾ
ਬਠਿੰਡਾ 3 ਨਵੰਬਰ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਆਰਥਿਕ ਅਧਿਐਨ ਵਿਭਾਗ ਦੀ ਮੁਖੀ ਅਤੇ ਅੰਤਰਰਾਸ਼ਟਰੀ ਮੌਕਿਆਂ ਅਤੇ ਸਹਿਯੋਗ ਵਿਭਾਗ ਦੀ ਡਾਇਰੈਕਟਰ ਪ੍ਰੋ. ਸੰਦੀਪ ਕੌਰ ਨੇ 12 ਤੋਂ 23 ਅਕਤੂਬਰ 2026 ਤੱਕ ਕੋਸਟਾ ਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਵਿਖੇ ਸਥਿਤ ਇੰਟਰਨੈਸ਼ਨਲ ਸੈਂਟਰ ਆਫ਼ ਇਕਨਾਮਿਕ ਪਾਲਿਸੀ ਫਾਰ ਸਸਟੇਨੇਬਲ ਡਿਵੈਲਪਮੈਂਟ ਵਿੱਚ ਦੋ ਹਫ਼ਤਿਆਂ ਦੀ ਅੰਤਰਰਾਸ਼ਟਰੀ ਵਿਜ਼ਿਟਿੰਗ ਪ੍ਰੋਫੈਸਰਸ਼ਿਪ ਸਫ਼ਲਤਾਪੂਰਵਕ ਪੂਰੀ ਕੀਤੀ। ਇਸ ਅਕਾਦਮਿਕ ਦੌਰੇ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਵਪਾਰਕ ਸਬੰਧਾਂ, ਖੇਤੀਬਾੜੀ ਦੀ ਸਥਿਰਤਾ ਅਤੇ ਭਾਰਤ ਤੇ ਕੋਸਟਾ ਰੀਕਾ ਦਰਮਿਆਨ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਪ੍ਰੋ. ਕੌਰ ਨੇ ਭਾਰਤ-ਕੋਸਟਾ ਰੀਕਾ ਵਪਾਰਕ ਸਬੰਧਾਂ ਬਾਰੇ ਵਿਸ਼ੇਸ਼ ਲੈਕਚਰ ਦਿੱਤੇ, ਜਿਨ੍ਹਾਂ ਵਿੱਚ ਦੁਵੱਲੇ ਵਪਾਰ ਦੀਆਂ ਸੰਭਾਵਨਾਵਾਂ ਅਤੇ ਸਾਂਝੇ ਆਰਥਿਕ ਵਿਕਾਸ ਦੇ ਮੌਕਿਆਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਨੇ ਪੀਐੱਚ.ਡੀ. ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਖੋਜ ਦੀ ਰੂਪ-ਰੇਖਾ (ਰਿਸਰਚ ਡਿਜ਼ਾਈਨ) ਬਾਰੇ ਮਾਰਗਦਰਸ਼ਨ ਸੈਸ਼ਨ ਵੀ ਕਰਵਾਏ ਅਤੇ ਖੋਜ ਹੁਨਰਾਂ ਦੇ ਵਿਕਾਸ ਤੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰੋ. ਕੌਰ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਵਿਭਾਗ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੌਫੀ ਦੇ ਬਾਗਾਂ ਦਾ ਦੌਰਾ ਕੀਤਾ ਅਤੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਕੇ ਉੱਥੋਂ ਦੀਆਂ ਖੇਤੀਬਾੜੀ ਪ੍ਰਥਾਵਾਂ, ਖੇਤੀਬਾੜੀ ਦੀ ਸਥਿਰਤਾ ਨਾਲ ਜੁੜੀਆਂ ਚੁਣੌਤੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ ਨੇ ਇਸ ਪ੍ਰਾਪਤੀ ਲਈ ਪ੍ਰੋ. ਸੰਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਅਕਾਦਮਿਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਕਿਸਾਨ ਭਾਈਚਾਰੇ ਨਾਲ ਸੰਵਾਦ ਸਥਾਪਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਆਪਣੇ ਤਜਰਬੇ ਸਾਂਝੇ ਕਰਦਿਆਂ ਪ੍ਰੋ. ਸੰਦੀਪ ਕੌਰ ਨੇ ਕਿਹਾ, “ਇਸ ਅਕਾਦਮਿਕ ਦੌਰੇ ਤੋਂ ਮੈਨੂੰ ਨਵੇਂ ਤਜਰਬੇ ਅਤੇ ਦ੍ਰਿਸ਼ਟੀਕੋਣ ਪ੍ਰਾਪਤ ਹੋਏ ਹਨ, ਜੋ ਮੇਰੇ ਅਧਿਆਪਨ ਅਤੇ ਖੋਜ ਕਾਰਜਾਂ ਵਿੱਚ ਲਾਭਦਾਇਕ ਸਾਬਤ ਹੋਣਗੇ। ਇਸ ਦੌਰੇ ਨਾਲ ਦੋਵਾਂ ਯੂਨੀਵਰਸਿਟੀਆਂ ਦਰਮਿਆਨ ਵਿਦਿਆਰਥੀ ਅਦਾਨ-ਪ੍ਰਦਾਨ, ਇੰਟਰਨਸ਼ਿਪ ਅਤੇ ਸਾਂਝੀਆਂ ਅਕਾਦਮਿਕ ਗਤੀਵਿਧੀਆਂ ਲਈ ਨਵੇਂ ਮੌਕੇ ਪੈਦਾ ਹੋਏ ਹਨ। ਇਸ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਦੋਵਾਂ ਸੰਸਥਾਵਾਂ ਦਰਮਿਆਨ ਜਲਦੀ ਹੀ ਸਮਝੌਤਾ ਪੱਤਰ (ਐਮਓਯੂ) ਸਹੀਬੱਧ ਕੀਤੇ ਜਾਣ ਦੀ ਸੰਭਾਵਨਾ ਹੈ।” ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰਾਂ ਵੱਲੋਂ ਮਿਲੇ ਨਿਰੰਤਰ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਵੀ ਪ੍ਰਗਟਾਇਆ। ਉਨ੍ਹਾਂ ਨੇ ਇਸ ਅਕਾਦਮਿਕ ਦੌਰੇ ਨੂੰ ਸਫ਼ਲ ਬਣਾਉਣ ਅਤੇ ਦੋਵਾਂ ਯੂਨੀਵਰਸਿਟੀਆਂ ਦਰਮਿਆਨ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੋਸਟਾ ਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਦੇ ਡਾਇਰੈਕਟਰ ਜਨਰਲ ਪ੍ਰੋ. ਮਾਰਕੋ ਓਟੋਯਾ ਚਾਵਾਰੀਆ ਅਤੇ ਪ੍ਰੋ. ਗੇਰਾਰਡੋ ਜਿਮੇਨੇਜ਼ ਦਾ ਵਿਸ਼ੇਸ਼ ਧੰਨਵਾਦ ਕੀਤਾ।

Comments
Post a Comment