ਕ੍ਰਾਈਸਟ ਚਰਚ ਦੇ ਸਾਲਾਨਾ ਮਸੀਹੀ ਸੰਮੇਲਨ ’ਚ 1000 ਤੋਂ ਵੱਧ ਸ਼ਰਧਾਲੂ ਹੋਏ ਸ਼ਾਮਲ, ਵਿਜੇ ਬੇਨੇਡਿਕਟ ਨੇ ਗਾਸਪਲ ਗਾਇਕੀ ਨਾਲ ਬੰਨ੍ਹਿਆ ਸਮਾਂ
ਕ੍ਰਾਈਸਟ ਚਰਚ ਦੇ ਸਾਲਾਨਾ ਮਸੀਹੀ ਸੰਮੇਲਨ ’ਚ 1000 ਤੋਂ ਵੱਧ ਸ਼ਰਧਾਲੂ ਹੋਏ ਸ਼ਾਮਲ, ਵਿਜੇ ਬੇਨੇਡਿਕਟ ਨੇ ਗਾਸਪਲ ਗਾਇਕੀ ਨਾਲ ਬੰਨ੍ਹਿਆ ਸਮਾਂ
ਦਿੱਲੀ ਤੋਂ ਪਹੁੰਚੀ ਸਿਸਟਰ ਰੂਬੀ ਲਾਲ ਨੇ ਬਾਈਬਲ ਦੇ ਸੰਦੇਸ਼ ਰਾਹੀਂ ਸੰਗਤ ਨੂੰ ਕੀਤਾ ਪ੍ਰੇਰਿਤ, ਬੈਪਟਿਸਟ ਸਕੂਲ ਦੇ ਡਾਇਰੈਕਟਰ ਅਰੁਣ ਮਸੀਹ ਅਤੇ ਰੇਵ. ਫਾਦਰ ਪ੍ਰੇਮਾਨੰਦ ਰਹੇ ਵਿਸ਼ੇਸ਼ ਮਹਿਮਾਨ
ਚੰਡੀਗੜ੍ਹ 31 ਅਕਤੂਬਰ ( ਰਣਜੀਤ ਧਾਲੀਵਾਲ ) : ਸੈਕਟਰ-18ਏ ਸਥਿਤ ਕ੍ਰਾਈਸਟ ਚਰਚ ਸੀਐਨਆਈ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਮਸੀਹੀ ਸੰਮੇਲਨ ਦੇ ਦੂਜੇ ਦਿਨ ਸ਼ਨੀਵਾਰ ਨੂੰ 1000 ਤੋਂ ਵੱਧ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਧਾਰਮਿਕ ਪ੍ਰਵਚਨਾਂ, ਬਾਈਬਲ ਦੇ ਸੰਦੇਸ਼ ਅਤੇ ਗਾਸਪਲ ਸੰਗੀਤ ਰਾਹੀਂ ਸੰਗਤ ਨੂੰ ਆਸਥਾ, ਉਮੀਦ ਅਤੇ ਪਿਆਰ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਬੈਪਟਿਸਟ ਸਕੂਲ, ਸੈਕਟਰ-45 ਦੇ ਡਾਇਰੈਕਟਰ ਅਰੁਣ ਮਸੀਹ ਅਤੇ ਕੈਥੋਲਿਕ ਚਰਚ, ਸੈਕਟਰ-19 ਦੇ ਰੇਵ. ਫਾਦਰ ਪ੍ਰੇਮਾਨੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦਿੱਲੀ ਤੋਂ ਪਹੁੰਚੀ ਮੁੱਖ ਬੁਲਾਰਾ ਸਿਸਟਰ ਰੂਬੀ ਲਾਲ ਨੇ ਨਿਊ ਟੈਸਟਾਮੈਂਟ ਦੇ ਜੌਨ 11:25-27 ਅਤੇ 11:38-44 ਦੇ ਹਵਾਲਿਆਂ ਰਾਹੀਂ ਪਰਮਾਤਮਾ ਦਾ ਸੰਦੇਸ਼ ਸਾਂਝਾ ਕੀਤਾ। ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਚਰਚਾਂ ਅਤੇ ਸੰਪਰਦਾਵਾਂ ਵਿੱਚ ਸੂਲੀ ਦਾ ਸੰਦੇਸ਼ ਪਹੁੰਚਾ ਰਹੀ ਹੈ। ਉਨ੍ਹਾਂ ਨੇ ਮੈਕਗ੍ਰਾ ਹਿੱਲ ਐਜੂਕੇਸ਼ਨ ਵਿੱਚ 32 ਸਾਲ ਹੈੱਡ ਆਫ ਐਡਮਿਨਿਸਟ੍ਰੇਸ਼ਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਬਾਲੀਵੁੱਡ ਦੇ ਸਾਬਕਾ ਪਲੇਬੈਕ ਗਾਇਕ ਵਿਜੇ ਬੇਨੇਡਿਕਟ ਨੇ ਗਾਸਪਲ ਗਾਇਕੀ ਨਾਲ ਮੋਹਿਆ
ਸਮਾਗਮ ਦਾ ਖਾਸ ਆਕਰਸ਼ਣ ਬਾਲੀਵੁੱਡ ਦੇ ਸਾਬਕਾ ਪਲੇਬੈਕ ਗਾਇਕ ਅਤੇ ਕ੍ਰਿਸਚੀਅਨ ਗਾਸਪਲ ਸਿੰਗਰ ਬ੍ਰਦਰ ਵਿਜੇ ਬੇਨੇਡਿਕਟ ਦੀ ਪੇਸ਼ਕਾਰੀ ਰਹੀ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਸੰਗਤ ਨੂੰ ਵਿਸ਼ਵਾਸ, ਉਮੀਦ ਅਤੇ ਮੁਕਤੀ ਦਾ ਸੰਦੇਸ਼ ਦਿੱਤਾ। ਬਾਲੀਵੁੱਡ ਵਿੱਚ ਕਈ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਵਿਜੇ ਬੇਨੇਡਿਕਟ ਹੁਣ ਆਪਣੇ ਸੰਗੀਤ ਰਾਹੀਂ ਪਰਮਾਤਮਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੇ ਹਨ। ਚਰਚ ਦੇ ਪ੍ਰੈਸਬਿਟਰ-ਇਨ-ਚਾਰਜ ਰੇਵ. ਰਾਜਨ ਸ਼ਾਰਦਾ ਨੇ ਸਮੂਹ ਅਹੁਦੇਦਾਰਾਂ ਨਾਲ ਸੰਗਤ ਦਾ ਸਵਾਗਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਤਿੰਨ ਰੋਜ਼ਾ ਸੰਮੇਲਨ ਲੋਕਾਂ ਦੇ ਜੀਵਨ ਵਿੱਚ ਅਧਿਆਤਮਿਕ ਚੇਤਨਾ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ। ਚਰਚ ਦੀ ਕੋਰ ਮੈਨੇਜਮੈਂਟ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਸਾਂਝੇ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸੰਮੇਲਨ 30 ਅਕਤੂਬਰ ਤੋਂ 1 ਨਵੰਬਰ ਤੱਕ ਕ੍ਰਾਈਸਟ ਚਰਚ ਸੀਐਨਆਈ, ਸੈਕਟਰ-18ਏ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

Comments
Post a Comment