ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU) ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU)
ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ ਮਾਣ ਭੱਤੇ ਦੀ ਦੁੱਗਣਾ ਕਰਨ ਦੀ ਗਰੰਟੀ, ਗ੍ਰੈਚੂਟੀ, ਐਕਸਗ੍ਰੇਸ਼ੀਆ, ਹੈਲਪਰਾਂ ਦੀ ਤਰੱਕੀ ਅਤੇ ਪ੍ਰੀ-ਪ੍ਰਾਇਮਰੀ ਸਿੱਖਿਆ ਸਮੇਤ ਵੱਖ-ਵੱਖ ਮੰਗਾਂ 'ਤੇ ਹੋਈ ਵਿਸਥਾਰਪੂਰਵਕ ਚਰਚਾ
ਚੰਡੀਗੜ੍ਹ 25 ਨਵੰਬਰ ( ਰਣਜੀਤ ਧਾਲੀਵਾਲ ) : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU) ਦੇ ਵਫ਼ਦ ਦੀ ਮੀਟਿੰਗ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਨੇ ਕੀਤੀ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ਼ੀਨਾ ਅਗਰਵਾਲ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਯੂਨੀਅਨ ਵੱਲੋਂ ਸੂਬਾ ਜਨਰਲ ਸਕੱਤਰ ਸੁਭਾਸ਼ ਖਜ਼ਾਨਚੀ ਅਮ੍ਰਿਤਪਾਲ ਕੌਰ, ਰਾਣੀ, ਸਕੱਤਰ ਰਣਜੀਤ ਕੌਰ, ਜੁਆਇੰਟ ਸਕੱਤਰ ਗੁਰਦੀਪ ਕੌਰ ਅਤੇ ਸੂਬਾ ਕਮੇਟੀ ਮੈਂਬਰ ਦਲਜੀਤ ਕੌਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ ਦੀ ਸਰਕਾਰ ਵੱਲੋਂ ਕੀਤੀ ਗਰੰਟੀ, ਗ੍ਰੈਚੂਟੀ, ਐਕਸਗ੍ਰੇਸ਼ੀਆ ਰਾਸ਼ੀ ਵਿੱਚ ਵਾਧਾ, ਹੈਲਪਰਾਂ ਨੂੰ ਵਰਕਰ ਵਜੋਂ ਤਰੱਕੀ ਦਾ ਵਿਸ਼ੇਸ਼ ਮੌਕਾ, ਸੁਪਰਵਾਈਜ਼ਰਾਂ ਦੀ ਭਰਤੀ, ਟੀ.ਏ., ਵਾਧੂ ਚਾਰਜ ਦਾ ਮਾਣ ਭੱਤਾ ਅਤੇ ਸਕੂਲ ਲੀਵਿੰਗ ਸਰਟੀਫਿਕੇਟ ਸਮੇਤ ਸਾਰੇ ਅਹਿਮ ਮੁੱਦੇ ਉਠਾਏ ਗਏ।
ਯੂਨੀਅਨ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਸਰਕਾਰ ਆਪਣੀ ਗਰੰਟੀ ਅਨੁਸਾਰ ਵਰਕਰਾਂ ਦਾ ਮਾਣ ਭੱਤਾ 7000 ਤੋਂ ਦੁੱਗਣਾ ਕਰਕੇ 14000 ਰੁਪਏ ਕਰੇ। ਗ੍ਰੈਚੂਟੀ ਸਬੰਧੀ ਮੰਤਰੀ ਨੇ ਦੱਸਿਆ ਕਿ ਕੇਸ ਐਡਵੋਕੇਟ ਜਨਰਲ ਕੋਲੋਂ ਆ ਕੇ ਵਿੱਤ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਇਸ ਬਾਰੇ ਅਗਲੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਹੈਲਪਰਾਂ ਨੂੰ ਇੱਕ ਵਾਰ ਵਿਸ਼ੇਸ਼ ਮੌਕਾ ਦੇਣ ਅਤੇ ਸੁਪਰਵਾਈਜ਼ਰਾਂ ਦੀ ਭਰਤੀ ਦਸ ਦਿਨਾਂ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਫਰਨੀਚਰ, ਪ੍ਰੀ-ਸਕੂਲ ਕਿੱਟਾਂ ਅਤੇ ਸਿਲੇਬਸ ਮੁਹੱਈਆ ਕਰਵਾਉਣ, ਬੱਚਿਆਂ ਦੀ ਖੁਰਾਕ ਵਿੱਚੋਂ 25 ਦਿਨਾਂ ਦੀ ਸ਼ਰਤ ਹਟਾਉਣ, FRS ਪ੍ਰਣਾਲੀ ਖ਼ਤਮ ਕਰਨ ਅਤੇ ਵਾਧੂ ਚਾਰਜ ਦਾ ਮਾਣ ਭੱਤਾ 50 ਰੁਪਏ ਤੋਂ ਵਧਾ ਕੇ 1000 ਰੁਪਏ ਕਰਨ ਸਬੰਧੀ ਵੀ ਚਰਚਾ ਹੋਈ।ਯੂਨੀਅਨ ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਕਈ ਮੁੱਦਿਆਂ 'ਤੇ ਹਾਂ-ਪੱਖੀ ਭਰੋਸੇ ਮਿਲੇ ਹਨ, ਪਰ ਮਾਣ ਭੱਤੇ ਦੀ ਦੁੱਗਣਾ ਕਰਨ ਦੀ ਗਰੰਟੀ ਸਮੇਤ ਮੁੱਖ ਮੰਗਾਂ ਅਜੇ ਪੂਰੀਆਂ ਹੋਣੀਆਂ ਬਾਕੀ ਹਨ। ਯੂਨੀਅਨ ਵੱਲੋਂ ਸਮੂਹ ਵਰਕਰਾਂ ਅਤੇ ਹੈਲਪਰਾਂ ਨੂੰ ਅਪੀਲ ਕੀਤੀ ਗਈ ਕਿ 1, 2 ਅਤੇ 3 ਦਸੰਬਰ ਨੂੰ ਦਿੱਲੀ ਵਿਖੇ ਹੋਣ ਵਾਲੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੀਆਂ ਗਰੰਟੀਆਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਵਿਰੁੱਧ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


Comments
Post a Comment